ਸੂਬਿਆਂ ਦੇ ਪਾਲੇ 'ਚ ਸੁਰੱਖਿਆ ਦੀ ਗੇਂਦ-ਕੇਂਦਰ ਨੇ ਕਿਹਾ-'ਕਾਨੂੰਨ ਵਿਵਸਥਾ ਬਣਾਉਣਾ ਰਾਜ ਪੁਲਿਸ ਦੀ ਜ਼ਿੰਮੇਵਾਰੀ'
ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 6 ਜਨਵਰੀ-ਭਾਰਤੀ ਰੇਲਵੇ, ਜਿਸ ਨੂੰ ਦੇਸ਼ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ, ਵਿਚ ਯਾਤਰੀਆਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਇਕ ਗੰਭੀਰ ਚੁਣੌਤੀ ਬਣਦੀ ਜਾ ਰਹੀ ਹੈ | ਰੇਲਵੇ ਸੁਰੱਖਿਆ, ਅਪਰਾਧਾਂ ਅਤੇ ਮੁਆਵਜ਼ੇ ਸੰਬੰਧੀ ਅਹਿਮ ਅੰਕੜੇ ਸਾਹਮਣੇ ਆਏ ਹਨ | ਇਹ ਅੰਕੜੇ ਜਿਥੇ ਸਰਕਾਰੀ ਯਤਨਾਂ ਦੀ ਤਸਵੀਰ ਪੇਸ਼ ਕਰਦੇ ਹਨ, ਉਥੇ ਹੀ ਸੁਰੱਖਿਆ ਪ੍ਰਬੰਧਾਂ 'ਤੇ ਕਈ ਸਵਾਲ ਵੀ ਖੜ੍ਹੇ ਕਰਦੇ ਹਨ | ਸਵਾਲ ਉੱਠ ਰਹੇ ਹਨ ਕੀ ਲੱਖਾਂ ਸ਼ਿਕਾਇਤਾਂ ਤੇ ਵੱਧਦੇ ਅਪਰਾਧ ਭਾਰਤੀ ਰੇਲਵੇ 'ਚ ਹੁਣ ਸੁਰੱਖਿਅਤ ਸਫਰ ਦੀ ਗਰੰਟੀ ਨਹੀਂ ਦਿੰਦੇ ਹਨ | ਰੇਲਵੇ ਦੇ ਅਹਿਮ ਸੂਤਰਾ ਅਨੁਸਾਰ ਸਾਲ 2024-25 ਰੇਲਵੇ ਵਿਚ ਸੁਰੱਖਿਆ ਨਾਲ ਸੰਬੰਧਿਤ ਸ਼ਿਕਾਇਤਾਂ ਵਿਚ ਲਗਭਗ 64 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ | ਪਿਛਲੇ ਦੋ ਸਾਲਾਂ ਵਿਚ ਲਗਭਗ 12.07 ਲੱਖ ਸ਼ਿਕਾਇਤਾਂ ਸਿਰਫ ਸੁਰੱਖਿਆ ਨਾਲ ਸੰਬੰਧਿਤ ਦਰਜ ਕੀਤੀਆਂ ਗਈਆਂ ਹਨ | ਇਹ ਵੀ ਕਿ ਸਾਲ 2023-2024 ਵਿਚ ਹੋਏ ਵੱਖ-ਵੱਖ ਰੇਲ ਹਾਦਸਿਆਂ ਦੌਰਾਨ ਚਾਰ ਰੇਲਵੇ ਮੁਲਾਜ਼ਮਾਂ ਦੀ ਮੌਤ ਹੋਈ, ਜਦਕਿ 313 ਯਾਤਰੀਆਂ ਨੇ ਆਪਣੀ ਜਾਨ ਗਵਾਈ ਹੈ | ਦੂਜੇ ਪਾਸੇ, ਕੇਂਦਰ ਬਨਾਮ ਰਾਜ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਤਹਿਤ ਪੁਲਿਸ ਅਤੇ ਜਨਤਕ ਵਿਵਸਥਾ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਨ | ਇਸ ਲਈ ਰੇਲ ਗੱਡੀਆਂ ਅਤੇ ਸਟੇਸ਼ਨਾਂ 'ਤੇ ਅਪਰਾਧ ਰੋਕਣ ਦੀ ਮੁੱਖ ਜ਼ਿੰਮੇਵਾਰੀ ਜੀ.ਆਰ.ਪੀ. ਅਤੇ ਜ਼ਿਲ੍ਹਾ ਪੁਲਿਸ ਦੀ ਹੈ, ਜਦਕਿ ਰੇਲਵੇ ਸੁਰੱਖਿਆ ਬਲ ਸਿਰਫ਼ ਸਹਿਯੋਗੀ ਵਜੋਂ ਕੰਮ ਕਰਦਾ ਹੈ | ਇਹ ਬਿਆਨ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਅਕਸਰ ਯਾਤਰੀ ਜਵਾਬਦੇਹੀ ਤੈਅ ਕਰਨ ਵਿਚ ਉਲਝਣ ਦਾ ਸ਼ਿਕਾਰ ਹੁੰਦੇ ਹਨ | ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਸਾਲ 2020-21 ਤੋਂ ਨਵੰਬਰ 2025 ਤੱਕ ਰੇਲਵੇ ਯਾਤਰੀਆਂ 'ਤੇ ਹੋਏ ਹਮਲਿਆਂ ਦੇ ਮਾਮਲਿਆਂ ਵਿਚ 38.79 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ (ਫੌਰੀ ਰਾਹਤ) ਰਾਸ਼ੀ ਵੰਡੀ ਗਈ ਹੈ | ਇਸ ਤੋਂ ਇਲਾਵਾ ਰੇਲਵੇ ਕਲੇਮ ਟਿ੍ਬਿਊਨਲ ਰਾਹੀਂ ਕਾਨੂੰਨੀ ਪ੍ਰਕਿਰਿਆ ਦੇ ਤਹਿਤ 52.23 ਲੱਖ ਰੁਪਏ ਦਾ ਮੁਆਵਜ਼ਾ ਪੀੜ੍ਹਤਾਂ ਨੂੰ ਦਿੱਤਾ ਗਿਆ ਹੈ | ਦੂਜੇ ਪਾਸੇ, ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਰੇਲਵੇ ਮੁਲਾਜ਼ਮਾਂ ਦੇ ਮਾਮਲੇ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਉੱਤਰ ਪ੍ਰਦੇਸ਼ ਅਤੇ ਕੇਰਲ ਵਿਚ ਮਿ੍ਤਕ ਕਰਮਚਾਰੀਆਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ (25-25 ਲੱਖ) ਦੀ ਆਰਥਿਕ ਮਦਦ ਦਿੱਤੀ ਗਈ ਹੈ ਅਤੇ ਸਰਕਾਰ ਮੁਤਾਬਕ ਫ਼ਿਲਹਾਲ ਕੋਈ ਮੁਆਵਜ਼ਾ ਦਾਅਵਾ ਬਕਾਇਆ ਨਹੀਂ ਹੈ | ਮਹਿਲਾ ਯਾਤਰੀਆਂ, ਖਾਸ ਕਰਕੇ ਇਕੱਲੀਆਂ ਸਫ਼ਰ ਕਰਨ ਵਾਲੀਆਂ ਅÏਰਤਾਂ ਲਈ 'ਮੇਰੀ ਸਹੇਲੀ' ਮੁਹਿੰਮ ਨੂੰ ਇਕ ਵੱਡੀ ਰਾਹਤ ਦੱਸਿਆ ਗਿਆ ਹੈ | ਰਿਪੋਰਟ ਅਨੁਸਾਰ ਲਗਭਗ 250 ਆਰ.ਪੀ.ਐਫ. ਟੀਮਾਂ ਹਰ ਰੋਜ਼ 500 ਤੋਂ ਵੱਧ ਟਰੇਨਾਂ ਵਿਚ ਤਾਇਨਾਤ ਰਹਿੰਦੀਆਂ ਹਨ | ਸਾਲ 2023-24 ਦੌਰਾਨ ਰੋਜ਼ਾਨਾ ਅÏਸਤਨ 13,000 ਮਹਿਲਾ ਯਾਤਰੀਆਂ ਨੂੰ ਸੁਰੱਖਿਆ ਕਵਰ ਪ੍ਰਦਾਨ ਕੀਤਾ ਗਿਆ | 983 ਮੁੱਖ ਸਟੇਸ਼ਨਾਂ ਅਤੇ ਹਜ਼ਾਰਾਂ ਕੋਚਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ | ਬੇਸ਼ੱਕ ਸਰਕਾਰ ਵਲੋਂ 'ਰੇਲ ਮਦਦ' (139) ਅਤੇ ਨਿਗਰਾਨੀ ਪ੍ਰਣਾਲੀ ਮਜ਼ਬੂਤ ਕਰਨ ਦੇ ਦਾਅਵੇ ਕੀਤੇ ਗਏ ਹਨ ਪਰ ਐਨ.ਸੀ.ਆਰ.ਬੀ. ਦੇ ਅੰਕੜੇ ਅਤੇ ਜ਼ਮੀਨੀ ਹਕੀਕਤ ਦੱਸਦੇ ਹਨ ਕਿ ਲੁੱਟ-ਖੋਹ ਅਤੇ ਹਮਲਿਆਂ ਦੀਆਂ ਘਟਨਾਵਾਂ ਪੂਰੀ ਤਰ੍ਹਾਂ ਨਹੀਂ ਰੁਕੀਆਂ ਹਨ | ਰੇਲਵੇ ਮੁਲਾਜ਼ਮਾਂ 'ਤੇ ਬਿਨਾਂ ਟਿਕਟ ਯਾਤਰੀਆਂ ਵਲੋਂ ਹਮਲੇ ਹੋਣਾ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਆਮ ਜਨਤਾ ਲਈ ਇਹ ਅੰਕੜੇ ਇਹ ਸੋਚਣ ਲਈ ਮਜਬੂਰ ਕਰਦੇ ਹਨ ਕਿ ਕੀ ਸਿਰਫ਼ ਮੁਆਵਜ਼ਾ ਦੇਣਾ ਹੀ ਕਾਫ਼ੀ ਹੈ ਜਾਂ ਸੁਰੱਖਿਆ ਢਾਂਚੇ ਵਿਚ ਬੁਨਿਆਦੀ ਸੁਧਾਰਾਂ ਦੀ ਲੋੜ ਹੈ?
ਰੇਲ ਗੱਡੀਆਂ 'ਚ ਸਫ਼ਰ ਬਣਿਆ ਜੋਖ਼ਮ ਭਰਿਆ, ਸੁਰੱਖਿਆ ਦੇ ਦਾਅਵੇ ਖੋਖਲੇ...? <br/>
ਅਜੀਤ ਡੈਸਕ
07-01-2026