ਸੁਖਬੀਰ ਦੀ ਹਾਜ਼ਰੀ 'ਚ ਸ਼੍ਰੋਮਣੀ ਅਕਾਲੀ ਦਲ 'ਚ ਕੀਤੀ ਸ਼ਮੂਲੀਅਤ
ਨਿਹਾਲ ਸਿੰਘ ਵਾਲਾ (ਮੋਗਾ), 6 ਜਨਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਹਲਕਾ ਨਿਹਾਲ ਸਿੰਘ ਵਾਲਾ ਅੰਦਰ 'ਵਾਰਿਸ ਪੰਜਾਬ ਦੇ' ਪਾਰਟੀ ਨੂੰ ਉਸ ਸਮੇਂ ਜ਼ਬਰਦਸਤ ਝਟਕਾ ਲੱਗਾ, ਜਦੋਂ ਪਾਰਟੀ ਦੇ ਕਈ ਅਹਦੁੇਦਾਰਾਂ ਨੇ ਆਪਣੇ ਅਸਤੀਫ਼ੇ ਦੇ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੰਮ ਕਰਨ ਦਾ ਫੈਸਲਾ ਕੀਤਾ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਦੱਸਿਆ ਕਿ 'ਵਾਰਿਸ ਪੰਜਾਬ ਦੇ' ਪਾਰਟੀ ਦੇ ਵੱਖ-ਵੱਖ ਅਹੁਦੇਦਾਰਾਂ ਨੇ ਉਨ੍ਹਾਂ ਦੀ ਪ੍ਰੇਰਨਾ ਸਦਕਾ ਅਸਤੀਫ਼ੇ ਦੇ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰਦਿਆਂ ਪਾਰਟੀ ਦੀ ਬਿਹਤਰੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ | ਉਨ੍ਹਾਂ ਦੱਸਿਆ ਕਿ 'ਵਾਰਿਸ ਪੰਜਾਬ ਦੇ' ਪਾਰਟੀ ਦੇ ਅਸਤੀਫ਼ੇ ਦੇਣ ਵਾਲੇ ਅਹੁਦੇਦਾਰਾਂ 'ਚ ਜ਼ਿਲ੍ਹਾ ਮੋਗਾ ਦੇ ਕਾਰਜਕਾਰੀ ਕਮੇਟੀ ਮੈਂਬਰ ਸੁਖਦੀਪ ਸਿੰਘ ਮਾਣੂੰਕੇ, ਬਲਾਕ ਨਿਹਾਲ ਸਿੰਘ ਵਾਲਾ ਤੋਂ ਕਾਰਜਕਾਰੀ ਕਮੇਟੀ ਮੈਂਬਰ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬਲਜੀਤ ਸਿੰਘ ਰਾਏ ਨਿਹਾਲ ਸਿੰਘ ਵਾਲਾ, ਅਜੀਤਵਾਲ ਤੋਂ ਤਰਸੇਮ ਸਿੰਘ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ, ਹਰਵਿੰਦਰ ਸਿੰਘ ਹੈਪੀ, ਸੁਖਪ੍ਰੀਤ ਸਿੰਘ ਪੱਖਰਵੱਡ, ਜਸਵਿੰਦਰ ਸਿੰਘ ਹਿੰਮਤਪੁਰਾ, ਰਾਮੂੰਵਾਲਾ ਤੋਂ ਅਮਰਜੀਤ ਸਿੰਘ (ਜੀਤਾ), ਬੁੱਟਰ ਤੋਂ ਕਾਲਾ, ਦੌਧਰ ਤੋਂ ਇੰਦਰਪਾਲ ਸਿੰਘ, ਡਾਲਾ ਤੋਂ ਗੋਰਾ, ਬੁੱਟਰ ਖ਼ੁਰਦ ਤੋਂ ਰਾਜਵਿੰਦਰ ਸਿੰਘ, ਚੂਹੜਚੱਕ ਤੋਂ ਤਰਸੇਮ ਸਿੰਘ (ਸਾਰੇ ਬਲਾਕ ਨਿਹਾਲ ਸਿੰਘ ਵਾਲਾ ਕਮੇਟੀ ਮੈਂਬਰ) ਅਤੇ ਨਿਹਾਲ ਸਿੰਘ ਵਾਲਾ ਦੇ 12 ਬਲਾਕ ਦੇ ਕਾਰਜਕਾਰੀ ਕਮੇਟੀ ਮੈਂਬਰਾਂ ਅਤੇ ਵੱਖ-ਵੱਖ 28 ਪਿੰਡਾਂ ਦੇ ਕਮੇਟੀ ਮੈਂਬਰਾਂ ਵਲੋਂ 'ਵਾਰਿਸ ਪੰਜਾਬ ਦੇ' ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ੇ ਦੇ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕੀਤੀ ਗਈ ਹੈ |
'ਵਾਰਿਸ ਪੰਜਾਬ ਦੇ' ਪਾਰਟੀ ਦੇ ਨਿਹਾਲ ਸਿੰਘ ਵਾਲਾ ਦੀ ਟੀਮ ਨੇ ਆਪਣੇ ਅਹੁਦਿਆਂ ਤੋਂ ਦਿੱਤੇ ਅਸਤੀਫ਼ੇ <br/>
ਅਜੀਤ ਡੈਸਕ
07-01-2026