ਲੁਧਿਆਣਾ, 6 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਿਵਲ ਸਿਟੀ ਵਿਚ ਕਾਰੋਬਾਰੀ ਵਲੋਂ 50 ਲੱਖ ਰੁਪਏ ਦੀ ਫਿਰੌਤੀ ਨਾ ਦੇਣ 'ਤੇ ਮੋਟਰਸਾਈਕਲ ਸਵਾਰਾਂ ਵਲੋਂ ਉਸ ਦੀ ਦੁਕਾਨ 'ਤੇ ਗੋਲੀਆਂ ਚਲਾਈਆਂ ਗਈਆਂ | ਘਟਨਾ ਅੱਜ ਤੜਕੇ 2.00 ਵਜੇ ਦੇ ਕਰੀਬ ਉਸ ਵਕਤ ਵਾਪਰੀ, ਜਦੋਂ ਸਿਵਲ ਸਿਟੀ ਵਿਚ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਹਿਮਾਂਸ਼ੂ ਹਾਂਡਾ ਦੇਰ ਰਾਤ ਆਪਣੀ ਦੁਕਾਨ ਬੰਦ ਕਰਕੇ ਘਰ ਗਿਆ ਸੀ | ਜਦੋਂ ਅੱਜ ਸਵੇਰੇ ਉਹ ਦੁਕਾਨ 'ਤੇ ਆਇਆ ਤਾਂ ਉਸ ਦੇਖਿਆ ਕਿ ਉਸ ਦੇ ਸ਼ਟਰ 'ਤੇ ਪੰਜ ਗੋਲੀਆਂ ਲੱਗੀਆਂ ਹੋਈਆਂ ਹਨ | ਇਹ ਸਾਰੀ ਘਟਨਾ ਦੁਕਾਨ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਉਸ ਦੇ ਸ਼ਟਰ 'ਤੇ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਹਨ¢ ਫੁਟੇਜ ਵਿਚ ਦੋ ਨÏਜਵਾਨ ਮੋਟਰਸਾਈਕਲ ਤੋਂ ਹੇਠਾਂ ਉਤਰ ਕੇ ਗੋਲੀਆਂ ਚਲਾ ਰਹੇ ਸਨ, ਜਦ ਕਿ ਤੀਜਾ ਦੋਸ਼ੀ ਮੋਟਰਸਾਈਕਲ 'ਤੇ ਬੈਠਾ ਉਨ੍ਹਾਂ ਦੀ ਮੋਬਾਈਲ 'ਤੇ ਵੀਡੀਓ ਬਣਾ ਰਿਹਾ ਸੀ | ਹਿਮਾਂਸ਼ੂ ਹਾਂਡਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸ ਨੂੰ ਵਟਸਅੱਪ ਕਾਲ ਆਈ, ਜਿਸ ਵਿਚ ਇਕ ਨੌਜਵਾਨ ਵਲੋਂ ਆਪਣੇ ਆਪ ਨੂੰ ਗੈਂਗਸਟਰ ਦਾ ਸਾਥੀ ਦੱਸਿਆ ਗਿਆ ਅਤੇ ਉਸ ਪਾਸੋਂ 50 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ¢ ਏ.ਸੀ.ਪੀ. ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |