ਨਵੀਂ ਦਿੱਲੀ, 6 ਜਨਵਰੀ (ਮਿਸਰਦੀਪ ਭਾਟੀਆ)-ਦਿੱਲੀ ਦੇ ਤਿ੍ਲੋਕਪੁਰੀ ਇਲਾਕੇ ਵਿਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ | ਇੱਥੇ 11ਵੀਂ ਵਿਚ ਪੜ੍ਹਨ ਵਾਲੇ 17 ਸਾਲ ਦੇ ਇਕ ਵਿਦਿਆਰਥੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ | ਹੱਤਿਆ ਦਾ ਦੋਸ਼ ਉਸਦੇ ਨਾਬਾਲਗ ਦੋਸਤਾਂ 'ਤੇ ਲੱਗਿਆ ਹੈ | ਇਸ ਮਾਮਲੇ ਵਿਚ ਪੁਲਿਸ ਨੇ ਸਾਰੇ 6 ਨਾਬਾਲਗ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ | ਮਿ੍ਤਕ ਵਿਦਿਆਰਥੀ 11ਵੀਂ ਜਮਾਤ ਵਿਚ ਪੜ੍ਹਦਾ ਸੀ ਅਤੇ ਇੰਦਰਾ ਕੈਂਪ ਦਾ ਨਿਵਾਸੀ ਸੀ | ਸੋਮਵਾਰ 5 ਜਨਵਰੀ ਦੀ ਸ਼ਾਮ ਸੋਸ਼ਲ ਮੀਡੀਆ ਪੋਸਟ 'ਤੇ ਹੋਏ ਇਕ ਵਿਵਾਦ ਨੂੰ ਲੈ ਕੇ ਦੋਸ਼ੀਆਂ ਨੇ ਉਸ ਨੂੰ ਘੇਰ ਲਿਆ | ਉਸ ਤੋਂ ਬਾਅਦ ਉਸ ਨੂੰ ਬੇਰਹਿਮੀ ਨਾਲ ਕੁੱਟਿਆ-ਮਾਰਿਆ ਗਿਆ | ਪੁਲਿਸ ਸੂਤਰਾਂ ਅਨੁਸਾਰ ਮਿ੍ਤਕ ਵਿਦਿਆਰਥੀ ਨੇ ਇਕ ਦੋਸ਼ੀ ਦਾ ਇੰਸਟਾਗ੍ਰਾਮ ਪ੍ਰੋਫਾਈਲ 'ਤੇ 'ਤੂੰ ਤਾਂ ਮੇਰਾ ਛੋਟਾ ਭਰਾ ਹੈ' ਟਿੱਪਣੀ ਕੀਤੀ ਸੀ | ਇਹ ਗੱਲ ਦੋਸ਼ੀ ਨੂੰ ਪਸੰਦ ਨਹੀਂ ਆਈ ਸੀ | ਇਸ ਤੋਂ ਨਾਰਾਜ਼ ਹੋ ਕੇ ਉਸ ਨੇ ਹੋਰ 5 ਦੋਸਤਾਂ ਨਾਲ ਮਿਲ ਕੇ ਵਿਦਿਆਰਥੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ | ਪੁਲਿਸ ਨੂੰ ਜਾਂਚ ਵਿਚ ਪਤਾ ਲੱਗਾ ਕਿ ਵਿਦਿਆਰਥੀ ਨੂੰ ਜ਼ਮੀਨ 'ਤੇ ਸੁੱਟ ਕੇ ਉਸ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਮਾਰਿਆ | ਗੰਭੀਰ ਹਾਲਤ ਵਿਚ ਵਿਦਿਆਰਥੀ ਨੂੰ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਤੋਂ ਜੀ.ਟੀ.ਬੀ. ਰੈਫਰ ਕੀਤਾ ਗਿਆ | ਮੰਗਲਵਾਰ 6 ਜਨਵਰੀ ਨੂੰ ਸਵੇਰੇ ਇਲਾਜ ਦੇ ਦੌਰਾਨ ਉਸ ਨੇ ਦਮ ਤੋੜ ਦਿੱਤਾ | ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ |