ਗੁਰਦੁਆਰਾ ਤਪਿਆਣਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ 13 ਨੂੰ
ਘੁਮਾਣ, 6 ਜਨਵਰੀ (ਬੰਮਰਾਹ)-ਸ਼੍ਰੋਮਣੀ ਭਗਤ ਨਾਮਦੇਵ ਜੀ ਦਾ 676ਵਾਂ ਪਰਲੋਕ ਗਮਨ ਦਿਵਸ ਮਨਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਸਥਿਤ ਸ੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ ਸਮੇਤ ਵੱਖ-ਵੱਖ ਗੁਰਦੁਆਰਾ ਕਮੇਟੀਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਸ੍ਰੀ ਨਾਮਦੇਵ ਦਰਬਾਰ ਕਮੇਟੀ ਦੇ ਸਰਪ੍ਰਸਤ ਹਰਜਿੰਦਰ ਸਿੰਘ ਬਾਵਾ, ਪ੍ਰਧਾਨ ਤਰਸੇਮ ਸਿੰਘ ਬਾਵਾ, ਸਕੱਤਰ ਸੁਖਜਿੰਦਰ ਸਿੰਘ ਲਾਲੀ, ਮੀਤ ਸਕੱਤਰ ਮਨਜਿੰਦਰ ਸਿੰਘ ਬਿੱਟੂ, ਸਾਬਕਾ ਸਰਪੰਚ ਨਰਿੰਦਰ ਸਿੰਘ ਨਿੰਦੀ, ਸੰਯੁਕਤ ਸਕੱਤਰ ਸਰਬਜੀਤ ਸਿੰਘ ਬਾਵਾ ਅਤੇ ਮੁੱਖ ਸਲਾਹਕਾਰ ਮਾਸਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ 10 ਤੋਂ 17 ਜਨਵਰੀ ਤੱਕ ਚੱਲਣ ਵਾਲੇ ਪ੍ਰੋਗਰਾਮਾਂ ਵਿਚ 13 ਜਨਵਰੀ ਨੂੰ ਅਖੰਡ ਪਾਠ ਆਰੰਭ ਹੋਣਗੇ | 14 ਜਨਵਰੀ ਨੂੰ ਮਾਘੀ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਵੇਗਾ ਅਤੇ 15 ਜਨਵਰੀ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਹੋਣਗੇ | ਉਨ੍ਹਾਂ ਦੱਸਿਆ ਕਿ 13 ਜਨਵਰੀ ਦੀ ਰਾਤ ਕੀਰਤਨ ਸਮਾਗਮ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਕਰਵਾਏ ਜਾਣਗੇ, ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀਏ, ਪ੍ਰਚਾਰਕ ਤੇ ਢਾਡੀ ਪਹੁੰਚਣਗੇ | ਗੁਰਦੁਆਰਾ ਤਪਿਆਣਾ ਸਾਹਿਬ ਕਮੇਟੀ ਤੇ ਪ੍ਰਧਾਨ ਸਤਨਾਮ ਸਿੰਘ ਦਮਦਮੀ, ਉਪ ਪ੍ਰਧਾਨ ਲਖਬੀਰ ਸਿੰਘ ਕਲਸੀ ਆਦਿ ਪ੍ਰਬੰਧਕਾਂ ਨੇ ਦੱਸਿਆ ਕਿ 13 ਜਨਵਰੀ ਨੂੰ ਅਖੰਡ ਪਾਠ ਦੇ ਭੋਗ ਸਵੇਰੇ 10 ਵਜੇ ਪੈਣਗੇ, ਉਪਰੰਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਤਪਿਆਣਾ ਸਾਹਿਬ ਤੋਂ ਆਰੰਭ ਹੋਵੇਗਾ, ਜਦੋਂਕਿ ਸ਼ਾਮ 5 ਵਜੇ ਤੋਂ ਰਾਤ 12 ਵਜੇ ਤੱਕ ਕੀਰਤਨ ਸਮਾਗਮ ਹੋਣਗੇ, ਇਹ ਸਮਾਗਮ 15 ਜਨਵਰੀ ਤੱਕ ਚੱਲਣਗੇ | ਗੁਰਦੁਆਰਾ ਚਰਨ ਕਮਲ ਸਾਹਿਬ ਕਮੇਟੀ ਦੇ ਮੁੱਖ ਪ੍ਰਬੰਧਕ ਮਾਸਟਰ ਸੁਰਿੰਦਰ ਸਿੰਘ ਬੇਦੀ ਅਤੇ ਸਕੱਤਰ ਅਮਰਜੀਤ ਸਿੰਘ ਪੁਰਬਾ ਨੇ ਦੱਸਿਆ ਕਿ 13 ਜਨਵਰੀ ਨੂੰ ਰਾਤ ਗੁਰਮਤਿ ਸਮਾਗਮ ਕਰਵਾਏ ਜਾਣਗੇ, ਜਿਸ ਵਿਚ ਪੰਥ ਦੇ ਪ੍ਰਸਿੱਧ ਪ੍ਰਚਾਰਕ ਤੇ ਰਾਗੀ ਸਿੰਘ ਪਹੁੰਚਣਗੇ | ਇਸੇ ਤਰ੍ਹਾਂ ਭੱਟੀਵਾਲ ਸਥਿਤ ਇਤਿਹਾਸਕ ਤਿੰਨ ਗੁਰਦੁਆਰਾ ਸਾਹਿਬ ਵਿਚ ਵੀ 13 ਤੋਂ 15 ਜਨਵਰੀ ਤੱਕ ਸਮਾਗਮ ਹੋਣਗੇ |
ਘੁਮਾਣ ਵਿਖੇ 15 ਨੂੰ ਮਨਾਇਆ ਜਾਵੇਗਾ ਭਗਤ ਨਾਮਦੇਵ ਜੀ ਦਾ ਪਰਲੋਕ ਗਮਨ ਦਿਵਸ <br/>
ਅਜੀਤ ਡੈਸਕ
07-01-2026