ਸੰਗਰੂਰ, ਧਰਮਗੜ੍ਹ, 23 ਜਨਵਰੀ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਵੀਹਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ ਅਨਿੰਨ ਸੇਵਕ ਸੰਤ ਤੇਜਾ ਸਿੰਘ (ਐਮ.ਏ.) ਦੇ ਸੇਵਕ ਸ਼੍ਰੋਮਣੀ ਪੰਥ ਰਤਨ ਅਤੇ ਪਦਮ ਸ੍ਰੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਚੌਥੀ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਗੁਰਦੁਆਰਾ ਬੜੂ ਸਾਹਿਬ (ਹਿ.ਪ੍ਰ.) ਵਿਖੇ 27 ਤੋਂ 29 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ | ਕਲਗ਼ੀਧਰ ਟਰੱਸਟ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ 27 ਜਨਵਰੀ ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ, ਜਿਨ੍ਹਾਂ ਦੇ ਭੋਗ 29 ਜਨਵਰੀ ਨੂੰ ਗੁਰਦੁਆਰਾ ਬੜੂ ਸਾਹਿਬ ਵਿਖੇ ਪਾਏ ਜਾਣਗੇ | ਇਸ ਸਮਾਗਮ ਦੌਰਾਨ 3100 ਸਾਹਿਜ ਪਾਠਾਂ ਦੋ ਭੋਗ ਪਾਏ ਜਾਣਗੇ ਅਤੇ ਸਮਾਗਮ ਦੇ ਦੂਜੇ ਦਿਨ 28 ਜਨਵਰੀ ਨੂੰ ਅੰਮਿ੍ਤ ਸੰਚਾਰ ਵੀ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਕਥਾਵਾਚਕ ਭਾਈ ਹਰਪਾਲ ਸਿੰਘ ਫ਼ਤਿਹਗੜ੍ਹ ਸਾਹਿਬ ਵਾਲੇ, ਬਾਬਾ ਕਾਕਾ ਸਿੰਘ ਬੂੰਗਾ ਮਸਤੂਆਣਾ ਸਾਹਿਬ ਵਾਲੇ, ਅਨਾਹਦ ਤੰਤੀ ਸਾਜ ਜਥਾ ਬੜੂ ਸਾਹਿਬ, ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿਦਿਆਰਥੀ ਅਤੇ ਅਕਾਲ ਗੁਰਮਤਿ ਸੰਗੀਤ ਵਿਦਿਆਲਾ ਬੜੂ ਸਾਹਿਬ ਦੇ ਸਿੱਖਿਆਰਥੀ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ | ਸਮਾਗਮ ਦੇ ਅਖੀਰ 'ਚ ਟਰੱਸਟ ਦੇ ਪ੍ਰਧਾਨ (ਡਾ.) ਦਵਿੰਦਰ ਸਿੰਘ ਬੜੂ ਸਾਹਿਬ ਵਾਲੇ ਸੰਗਤਾਂ ਨੂੰ ਬਾਬਾ ਇਕਬਾਲ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਗੁਰਮਤਿ ਵਚਨਾਂ ਦੀ ਸਾਂਝ ਪਾਉਣਗੇ ਅਤੇ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਸਮਾਗਮ ਦੌਰਾਨ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਨਗੇ |