ਨਾਭਾ, 25 ਜਨਵਰੀ (ਜਗਨਾਰ ਸਿੰਘ ਦੁਲੱਦੀ)-ਨਾਭਾ ਸ਼ਹਿਰ 'ਚ ਹੈੱਡ ਕਾਂਸਟੇਬਲ ਦੀ ਅਣਪਛਾਤੇ ਵਿਅਕਤੀਆਂ ਵਲੋਂ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਅਮਨਦੀਪ ਸਿੰਘ ਨਾਭਾ ਦੀ ਪੁੱਡਾ ਕਾਲੋਨੀ ਦਾ ਰਹਿਣ ਵਾਲਾ ਸੀ, ਜੋ ਕਿ ਪਟਿਆਲੇ ਸਿਵਲ ਲਾਈਨ ਥਾਣੇ ਵਿਖੇ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਸੀ | ਅਮਨਦੀਪ ਸਿੰਘ ਨੂੰ ਬਾਜ਼ਾਰ 'ਚ ਕਿਰਚਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਉਸ ਦੇ ਭਰਾ ਨਵਦੀਪ ਸਿੰਘ ਦੇ ਵੀ ਸਿਰ ਉੱਪਰ ਵੀ ਕਿਰਚ ਨਾਲ ਵਾਰ ਕੀਤਾ ਗਿਆ, ਜੋ ਕਿ ਨਾਭਾ ਦੇ ਸਰਕਾਰੀ ਹਸਪਤਾਲ 'ਚ ਜੇਰੇ ਇਲਾਜ ਹੈ | ਅਮਨਦੀਪ ਸਿੰਘ ਦੀ ਹੱਤਿਆ ਕਿਉਂ ਕੀਤੀ ਗਈ, ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ | ਮਿ੍ਤਕ ਦੀ ਭੈਣ ਨੇ ਦੱਸਿਆ ਕਿ ਮੇਰੇ ਭਰਾ ਨੇ 26 ਜਨਵਰੀ ਨੂੰ ਪਰੇਡ 'ਤੇ ਜਾਣਾ ਸੀ ਅਤੇ ਹੁਣ ਕੁਝ ਸਮਾਂ ਪਹਿਲਾਂ ਹੀ ਸਾਨੂੰ ਫੋਨ ਆਇਆ ਸੀ ਕਿ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ | ਉਸ ਨੇ ਕਿਹਾ ਕਿ ਜਦੋਂ ਪੁਲਿਸ ਹੀ ਸੁਰੱਖਿਤ ਨਹੀਂ ਹੈ ਤਾਂ ਹੋਰ ਕੌਣ ਸੁਰੱਖਿਤ ਹੋਵੇਗਾ | ਸਰਕਾਰੀ ਹਸਪਤਾਲ ਦੇ ਡਿਊਟੀ ਡਾਕਟਰ ਨੇ ਦੱਸਿਆ ਕਿ ਅਮਨਦੀਪ ਸਿੰਘ ਮਿ੍ਤਕ ਹੀ ਸਾਡੇ ਕੋਲ ਆਇਆ ਸੀ ਤੇ ਜ਼ਖ਼ਮੀ ਨਵਦੀਪ ਸਿੰਘ ਦੇ ਸਿਰ 'ਤੇ ਛੇ ਟਾਂਕੇ ਲੱਗੇ ਹਨ | ਮੌਕੇ ਤੇ ਪਹੁੰਚੇ ਕੋਤਵਾਲੀ ਮੁਖੀ ਇੰਸਪੈਕਟਰ ਸੌਰਵ ਸੱਭਰਵਾਲ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ |