23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਲਈ ਅਹਿਮ ਸਾਬਿਤ ਹੋਵੇਗਾ ਮਹੀਨਾ 'ਫਰਵਰੀ'

Ad Position 21
No active advertisement
ਅਜੀਤ ਡੈਸਕ 06-02-2026

ਵੱਡੀਆਂ ਸਿਆਸੀ ਗਤੀਵਿਧੀਆਂ ਤੇ ਘਟਨਾਵਾਂ ਨਾਲ ਹੁਣ ਤੋਂ ਹੀ ਭਖਿਆ ਸਿਆਸੀ ਅਖਾੜਾ
ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 5 ਫਰਵਰੀ-ਵਿਧਾਨ ਸਭਾ ਚੋਣਾਂ 2027 ਨੂੰ ਅਜੇ ਇਕ ਸਾਲ ਦੇ ਕਰੀਬ ਸਮਾਂ ਬਾਕੀ ਹੈ ਪਰ ਸਾਰੀਆਂ ਸਿਆਸੀ ਪਾਰਟੀਆਂ ਨੇ ਸੂਬੇ 'ਚ ਤੇਜ਼ੀ ਨਾਲ ਬਦਲ ਰਹੇ ਸਿਆਸੀ ਸਮੀਕਰਨਾਂ ਨੂੰ ਦੇਖਦੇ ਹੋਏ ਹੁਣੇ ਤੋਂ ਹੀ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਜਿਥੇ ਇਸ ਫਰਵਰੀ ਮਹੀਨੇ ਵਿਚਲੀਆਂ ਵੱਡੀਆਂ ਸਿਆਸੀ ਗਤੀਵਿਧੀਆਂ ਤੇ ਘਟਨਾਵਾਂ ਨਾਲ ਹੁਣੇ ਤੋਂ ਹੀ ਸੂਬੇ ਦਾ ਸਿਆਸੀ ਅਖਾੜਾ ਭੱਖਿਆ ਨਜ਼ਰ ਆਉਣ ਲੱਗਾ ਹੈ, ਉਥੇ ਇਹ ਮਹੀਨਾ ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਅਹਿਮ ਮੰਨਿਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ' ਤੇ ਸਨ, ਜਿਸ ਦੌਰਾਨ ਉਨ੍ਹਾਂ ਜ਼ਿਲ੍ਹਾ ਜਲੰਧਰ 'ਚ ਸਥਿਤ ਡੇਰਾ ਬੱਲਾਂ ਵਿਖੇ ਹਾਜ਼ਰੀ ਭਰੀ ਅਤੇ ਉਨ੍ਹਾਂ ਹਲਵਾਰਾ ਹਵਾਈ ਅੱਡੇ ਦਾ ਉਦਘਾਟਨ ਵੀ ਕੀਤਾ | ਇਨ੍ਹਾਂ ਦੋ ਵੱਡੀਆਂ ਗਤੀਵਿਧੀਆਂ ਨੇ ਪੰਜਾਬ ਦੀ ਸਿਆਸਤ ਨੂੰ ਗਰਮਾਇਸ਼ ਦਿੱਤੀ ਅਤੇ ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੇ ਵੋਟ ਬੈਂਕ ਵੱਲ ਟਿਕਟਿਕੀ ਲਗਾ ਕੇ ਦੇਖਣ ਲੱਗੀਆਂ ਅਤੇ ਆਪਣੇ ਵੋਟ ਬੈਂਕ ਨੂੰ ਖ਼ੋਰਾ ਲੱਗਣ ਤੋਂ ਬਚਾਉਣ ਲਈ ਇਸੇ ਦਿਨ ਤੋਂ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ | ਇਸ ਦੇ ਅਗਲੇ ਹੀ ਦਿਨ 2 ਫਰਵਰੀ ਨੂੰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਭਾ ਜੇਲ੍ਹ 'ਚ 7 ਮਹੀਨਿਆਂ ਤੋਂ ਨਜ਼ਰਬੰਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਪੁੱਜੇ ਅਤੇ ਉਨ੍ਹਾਂ ਦਾ ਬਿਆਨ ਕਿ ਮਜੀਠੀਆ 'ਤੇ ਲੱਗੇ ਸਾਰੇ ਦੋਸ਼ ਗ਼ਲਤ ਹਨ, ਨਾਲ ਜਿਥੇ ਸੂਬੇ ਦੀ ਸਿਆਸਤ ਗਰਮਾ ਗਈ, ਉਥੇ ਉਸੇ ਦਿਨ ਸੁਪਰੀਮ ਕੋਰਟ 'ਚ ਇਸ ਕੇਸ ਦੀ ਸੁਣਵਾਈ ਦੌਰਾਨ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ | ਅਕਾਲੀ ਦਲ ਦੇ ਕੱਦਾਵਾਰ ਨੇਤਾ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਨਾਲ ਸੂਬੇ ਦੀ ਸਿਆਸਤ 'ਚ ਉਬਾਲ ਆਉਣਾ ਲਾਜ਼ਮੀ ਸੀ | ਇਸ ਤੋਂ ਅਗਲੇ ਦਿਨ ਉਹ ਜੇਲ੍ਹ ਤੋਂ ਰਿਹਾਅ ਹੁੰਦੇ ਹਨ ਅਤੇ ਉਨ੍ਹਾਂ ਦੀ ਰਿਹਾਈ ਨਾਲ ਅਕਾਲੀ ਵਰਕਰਾਂ 'ਚ ਆਇਆ ਜੋਸ਼ ਵੀ ਕਿਸੇ ਤੋਂ ਲੁਕਿਆ ਨਹੀਂ | ਉਸੇ ਦਿਨ ਤੋਂ ਸੂਬੇ ਦੀ ਸਿਆਸਤ ਦਾ ਧੁਰਾ ਬਿਕਰਮ ਸਿੰਘ ਮਜੀਠੀਆ ਹੀ ਬਣੇ ਹੋਏ ਦਿਖਾਈ ਦੇ ਰਹੇ ਹਨ | ਫਰਵਰੀ ਮਹੀਨੇ ਦੇ ਪਹਿਲੇ ਪੰਜਾਂ ਦਿਨਾਂ ਨੇ ਸੂਬੇ ਦੇ ਸਿਆਸੀ ਸਮੀਕਰਨ ਬੜੀ ਤੇਜ਼ੀ ਨਾਲ ਬਦਲਣ ਦੇ ਸੰਕੇਤ ਦਿੱਤੇ ਹਨ | ਇਸੇ ਮਹੀਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਭਾਜਪਾ ਵਲੋਂ ਉਲੀਕੀ ਜਾ ਰਹੀ ਹੈ, ਇਸ ਮੌਕੇ ਇਕ ਲੱਖ ਕਿਸਾਨਾਂ ਦਾ ਇਕੱਠ ਕਰਨ ਦਾ ਟੀਚਾ ਪਾਰਟੀ ਵਲੋਂ ਰੱਖਿਆ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਜੇਕਰ ਅਮਿਤ ਸ਼ਾਹ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਫਰਵਰੀ ਮਹੀਨੇ ਪੰਜਾਬ ਫੇਰੀ 'ਤੇ ਆਉਂਦੇ ਹਨ ਤਾਂ ਉਹ ਪੰਜਾਬ ਲਈ ਕੋਈ ਅਜਿਹਾ ਵੱਡਾ ਐਲਾਨ ਕਰ ਸਕਦੇ ਹਨ, ਜਿਸ ਨਾਲ ਪਹਿਲਾਂ ਤੋਂ ਭੱਖ ਚੁੱਕੀ ਸੂਬੇ ਦੀ ਸਿਆਸਤ ਵਿਚ ਹੋਰ ਉਬਾਲ ਆਵੇਗਾ | ਸਿਆਸੀ ਮਾਹਿਰਾਂ ਅਤੇ ਨੀਤੀ ਘਾੜਿਆਂ ਅਨੁਸਾਰ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਕਰੀਬ ਇਕ ਸਾਲ ਪਹਿਲਾਂ ਹੀ ਸੂਬੇ ਦੀ ਸਿਆਸਤ ਵਿਚ ਹੋਈਆਂ ਇਹ ਘਟਨਾਵਾਂ ਅਤੇ ਗਤੀਵਿਧੀਆਂ ਜਿਥੇ ਹੁਣੇ ਤੋਂ ਸਿਆਸੀ ਪਾਰਟੀਆਂ ਦੇ ਘੋਲ ਦਾ ਮੁੱਢ ਬੰਨ੍ਹਦੀਆਂ ਦਿਖਾਈ ਦੇ ਰਹੀਆਂ ਹਨ, ਉਥੇ ਇਨ੍ਹਾਂ ਘਟਨਾਵਾਂ ਅਤੇ ਗਤੀਵਿਧੀਆਂ ਨਾਲ ਫਰਵਰੀ ਮਹੀਨਾ ਅਗਲੀਆਂ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਕਾਫ਼ੀ ਅਹਿਮ ਵੀ ਰਹਿਣ ਵਾਲਾ ਹੈ | ਜਾਣਕਾਰੀ ਅਨੁਸਾਰ ਸਾਰੀਆਂ ਹੀ ਸਿਆਸੀ ਪਾਰਟੀਆਂ ਭਾਵੇਂ ਸੂਬੇ ਦੀ ਸੱਤਾਧਾਰੀ ਪਾਰਟੀ 'ਆਪ' ਹੋਵੇ ਜਾਂ ਵਿਰੋਧੀ ਧਿਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਇਸੇ ਮਹੀਨੇ ਤੋਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਕਮਰ ਕੱਸਣ ਸੰਬੰਧੀ ਆਪੋ-ਆਪਣੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਤਿਆਰ ਬਰ ਤਿਆਰ ਰਹਿਣ ਲਈ ਸੁਨੇਹੇ ਵੀ ਲਾ ਦਿੱਤੇ ਹਨ |
ਸਿਆਸੀ ਨੀਤੀ ਘਾੜਿਆਂ ਨੂੰ ਸੰਪਰਕ ਕਰਨ ਲੱਗੀਆਂ ਪਾਰਟੀਆਂ
ਜਾਣਕਾਰੀ ਅਨੁਸਾਰ ਕਈ ਪਾਰਟੀਆਂ ਹੁਣੇ ਤੋਂ ਰਾਜਧਾਨੀ ਦਿੱਲੀ 'ਚ ਬੈਠੇ ਸਿਆਸੀ ਨੀਤੀ ਘਾੜਿਆਂ ਨਾਲ ਸੰਪਰਕ ਸਾਧਣ 'ਤੇ ਲੱਗ ਗਈਆਂ ਹਨ ਤਾਂ ਜੋ ਹੁਣੇ ਤੋਂ ਆਪਣੀ ਪਾਰਟੀ ਦੇ ਜਿਥੇ ਵੋਟ ਬੈਂਕ ਨੂੰ ਖ਼ੋਰਾ ਲੱਗਣ ਤੋਂ ਬਚਾਉਣ ਦੀ ਰਣਨੀਤੀ ਬਣਾਈ ਜਾ ਸਕੇ, ਉਥੇ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਕੀਤਾ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਹਰਿਆਣਾ 'ਚ ਬਦਲਣ ਲੱਗਾ ਮੌਸਮ ਦਾ ਮਿਜ਼ਾਜ <br/> ਅਗਲੀ ਖ਼ਬਰ ਐੱਸ.ਸੀ. ਕਮਿਸ਼ਨ ਵਲੋਂ ਐਸ.ਐਸ.ਪੀ. ਅੰਮਿ੍ਤਸਰ ਤੋਂ ਰਿਪੋਰਟ ਤਲਬ
Ad Position 24