ਅੰਮਿ੍ਤਸਰ ਹਵਾਈ ਅੱਡਾ ਡਰੋਨ ਦੀ ਹਲਚਲ ਉਪਰੰਤ ਇੱਕ ਘੰਟਾ ਰਿਹਾ ਮੁਕੰਮਲ ਬੰਦ
ਅਜੀਤ ਡੈਸਕ
06-02-2026
ਰਾਜਾਸਾਂਸੀ, 5 ਫ਼ਰਵਰੀ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਰਾਤ ਨੂੰ ਡਰੋਨ ਦੀ ਹਲਚਲ ਦਿਖਾਈ ਦਿੱਤੀ, ਜਿਸ ਕਾਰਨ ਹਵਾਈ ਅੱਡੇ ਨੂੰ ਸੁਰੱਖਿਅਤ ਰੱਖਣ ਲਈ ਹੰਗਾਮੀ ਹਾਲਤ 'ਚ ਕਰੀਬ ਇਕ ਘੰਟੇ ਲਈ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ | ਇਸ ਦੌਰਾਨ ਕੁਆਲਾਲੰਪਰ ਤੋਂ ਇਥੇ ਪੁੱਜਣ ਵਾਲੀ ਮਲੇਸ਼ੀਆ ਏਅਰਲੀਈਨ ਦੀ ਉਡਾਣ ਨੂੰ ਇਥੋਂ ਮੋੜ ਕੇ ਦਿੱਲੀ ਨੂੰ ਭੇਜ ਦਿੱਤਾ ਗਿਆ, ਜਦੋਂਕਿ ਰਾਤ 9 ਵਜੇ ਸ਼ਾਰਜਾਹ ਤੋਂ ਇਥੇ ਪੁੱਜਣ ਵਾਲੀ ਇੰਡੀਗੋ ਏਅਰਲਾਈਨ ਦੀ ਉਡਾਣ ਨੂੰ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ | ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਰਾਤ ਕਰੀਬ 8.40 ਵਜੇ ਇਕ ਡਰੋਨ ਦੀ ਹਲਚਲ ਦਿਖਾਈ ਦਿੱਤੀ ਸੀ, ਜਿਸ ਕਾਰਨ ਸੁਰੱਖਿਆ ਨੂੰ ਮੁੱਖ ਰੱਖਦਿਆਂ ਕਰੀਬ ਇੱਕ ਘੰਟੇ ਲਈ ਹਵਾਈ ਅੱਡਾ ਬੰਦ ਕਰਨਾ ਪਿਆ | ਉਨ੍ਹਾਂ ਦੱਸਿਆ ਇੱਕ ਘੰਟੇ ਦੀ ਦੇਰੀ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਿਸ ਵਲੋਂ ਜਾਂਚ ਪੜਤਾਲ ਉਪਰੰਤ ਹਵਾਈ ਅੱਡੇ ਦੀ ਐਮਰਜੈਂਸੀ ਹਟਾ ਦਿੱਤੀ ਗਈ | ਉਨ੍ਹਾਂ ਦੱਸਿਆ ਉਕਤ ਮੋੜੀਆਂ ਗਈਆਂ ਉਡਾਣਾਂ ਮੁੜ ਵਾਪਸ ਰਵਾਨਗੀ ਕਰਵਾ ਦਿੱਤੀ ਗਈ ਹੈ | ਪਰੰਤੂ ਹਵਾਈ ਅੱਡੇ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ | ਇਸ ਤੋਂ ਇਲਾਵਾ ਘਰੇਲੂ ਉਡਾਣਾਂ ਨੂੰ ਰੋਕਿਆ ਗਿਆ ਸੀ, ਜੋ ਦੇਰੀ 'ਚ ਚੱਲ ਰਹੀਆਂ ਹਨ |