ਸੁਲਤਾਨਪੁਰ ਲੋਧੀ, 5 ਫਰਵਰੀ (ਨਰੇਸ਼ ਹੈਪੀ)-ਪੰਜਾਬ ਵਿਚ ਬਣ ਰਹੇ 37 ਨੈਸ਼ਨਲ ਹਾਈਵੇਅ ਪ੍ਰੋਜੈਕਟ ਗੰਭੀਰ ਸੰਕਟਾਂ ਨਾਲ ਜੂਝ ਰਹੇ ਹਨ | ਇਨ੍ਹਾਂ ਵਿਚੋਂ 30 ਅਜਿਹੇ ਪ੍ਰੋਜੈਕਟ ਹਨ, ਜਿਨ੍ਹਾਂ ਦੀ ਮੁਕੰਮਲ ਹੋਣ ਦੀ ਨਿਰਧਾਰਿਤ ਸਮਾਂ ਹੱਦ ਕਈ ਸਾਲ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੈ ਪਰ ਅਜੇ ਤੱਕ ਇਹ ਕੰਮ ਅਧੂਰੇ ਪਏ ਹਨ | ਪੰਜਾਬ ਵਿਚ ਅਟਕੇ ਹੋਏ ਇਨ੍ਹਾਂ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦੀ ਅਸਲ ਸਥਿਤੀ ਉਸ ਵੇਲੇ ਸਾਹਮਣੇ ਆਈ, ਜਦੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਨੂੰ ਪ੍ਰੋਜੈਕਟਾਂ ਦੀ ਹੌਲੀ ਰਫ਼ਤਾਰ ਸਬੰਧੀ ਸਵਾਲ ਪੁੱਛੇ ਗਏ | ਮੰਤਰਾਲੇ ਅਨੁਸਾਰ ਜ਼ਮੀਨ ਐਕੁਆਇਰ ਵਿਚ ਦੇਰੀ, ਕਿਸਾਨਾਂ ਦੇ ਪ੍ਰਦਰਸ਼ਨ, ਕਾਨੂੰਨੀ ਅੜਚਣਾਂ ਅਤੇ ਨਿਰਮਾਣ ਸਮਗਰੀ (ਪੌਂਡ ਐਸ਼) ਦੀ ਲਾਗਤ ਨਾਲ ਜੁੜੇ ਵਿਵਾਦਾਂ ਕਾਰਨ ਕਈ ਪ੍ਰੋਜੈਕਟ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ | ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਦਿੱਤੇ ਗਏ ਲਿਖਤੀ ਜਵਾਬ ਵਿਚ ਦੱਸਿਆ ਗਿਆ ਕਿ ਪੰਜਾਬ ਵਿਚ ਕੁੱਲ 37 ਨੈਸ਼ਨਲ ਹਾਈਵੇਅ ਪ੍ਰੋਜੈਕਟ ਚੱਲ ਰਹੇ ਹਨ, ਜਿਨ੍ਹਾਂ ਵਿਚੋਂ 30 ਤੋਂ ਵੱਧ ਪ੍ਰੋਜੈਕਟ ਆਪਣੀ ਨਿਰਧਾਰਿਤ ਮਿਆਦ ਪਾਰ ਕਰ ਚੁੱਕੇ ਹਨ | ਇਸ ਤੋਂ ਇਲਾਵਾ 15 ਹੋਰ ਪ੍ਰੋਜੈਕਟ ਮਨਜ਼ੂਰ ਜਾਂ ਅਵਾਰਡ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਜ਼ਮੀਨ ਐਕੁਆਇਰ, ਕਿਸਾਨ ਵਿਰੋਧ, ਪੌਂਡ ਐਸ਼ ਦੇ ਭੁਗਤਾਨ ਸੰਬੰਧੀ ਝਗੜੇ ਅਤੇ ਪ੍ਰਸ਼ਾਸਨਿਕ ਕਾਰਵਾਈਆਂ ਕਾਰਨ ਘੱਟੋ-ਘੱਟ ਚਾਰ ਵੱਡੇ ਪ੍ਰੋਜੈਕਟ ਪੂਰੀ ਤਰ੍ਹਾਂ ਰੁਕ ਗਏ ਹਨ | ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਦਿੱਲੀਅੰਮਿ੍ਤਸਰਕਟੜਾ ਐਕਸਪੈੱ੍ਰਸ ਵੇਅ ਦੇ ਤਿੰਨ ਪੈਕੇਜ ਅਤੇ ਲੁਧਿਆਣਾਰੂਪਨਗਰ ਪ੍ਰੋਜੈਕਟ ਲਗਭਗ ਰੱਦ ਜਾਂ ਪੂਰੀ ਤਰ੍ਹਾਂ ਬੰਦ ਹੋਣ ਦੀ ਕਗਾਰ 'ਤੇ ਹਨ | ਇਨ੍ਹਾਂ ਪ੍ਰੋਜੈਕਟਾਂ 'ਤੇ ਲੋਕਾਂ ਦੇ ਟੈਕਸ ਦੇ ਹਜ਼ਾਰਾਂ ਕਰੋੜ ਰੁਪਏ ਖ਼ਰਚ ਹੋ ਚੁੱਕੇ ਹਨ, ਜੋ ਹੁਣ ਖ਼ਤਰੇ ਵਿਚ ਦਿੱਖ ਰਹੇ ਹਨ | ਹੈਰਾਨੀਜਨਕ ਗੱਲ ਇਹ ਹੈ ਕਿ ਇੰਨੀ ਦੇਰੀ ਦੇ ਬਾਵਜੂਦ ਨਾ ਤਾਂ ਕਿਸੇ ਠੇਕੇਦਾਰ 'ਤੇ ਜੁਰਮਾਨਾ ਲਗਾਇਆ ਗਿਆ ਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੀ ਜਵਾਬ ਦੇਹੀ ਤੈਅ ਕੀਤੀ ਗਈ ਹੈ |
ਪੰਜਾਬ 'ਚ 30 ਤੋਂ ਵੱਧ ਨੈਸ਼ਨਲ ਹਾਈਵੇਅ ਪ੍ਰੋਜੈਕਟ ਮਿਥੇ ਸਮੇਂ ਤੋਂ ਪਿੱਛੇ-4 ਵੱਡੇ ਪ੍ਰੋਜੈਕਟ ਰੁਕੇ ਸੰਤ ਸੀਚੇਵਾਲ ਵਲੋਂ ਰਾਜ ਸਭਾ 'ਚ ਪੁੱਛੇ ਗਏ ਸਵਾਲ 'ਚ ਹੋਇਆ ਖ਼ੁਲਾਸਾ <br/>
ਅਜੀਤ ਡੈਸਕ
06-02-2026