ਐੱਸ. ਏ. ਐੱਸ. ਨਗਰ, 5 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਸਰਕਾਰੀ ਅੱਪਰ-ਪ੍ਰਾਇਮਰੀ ਸਕੂਲਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵੱਡੀ ਤੇ ਨਿਵੇਕਲੀ ਪੁਲਾਂਘ ਪੁੱਟਦਿਆਂ 'ਰੋਜ਼ਾਨਾ ਮੈਡੀਟੇਸ਼ਨ ਪ੍ਰੋਗਰਾਮ' ਦੀ ਸ਼ੁਰੂਆਤ ਕੀਤੀ ਹੈ | ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 'ਆਪ' ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਮੁਹਾਲੀ ਵਿਖੇ ਕਰਵਾਈ ਗਈ ਇਕ ਵਰਕਸ਼ਾਪ ਦੌਰਾਨ ਸਕੂਲ ਮੁਖੀਆਂ ਅਤੇ ਪਿ੍ੰਸੀਪਲਾਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਸਨ | ਸਿੱਖਿਆ ਮੰਤਰੀ ਬੈਂਸ ਨੇ ਵਿਦਿਆਰਥੀਆਂ ਦੀ ਤੰਦਰੁਸਤੀ ਵਧਾਉਣ ਦੇ ਉਦੇਸ਼ ਵਾਲੇ ਰੋਜ਼ਾਨਾ 'ਮੈਡੀਟੇਸ਼ਨ ਪ੍ਰੋਗਰਾਮ' ਦੇ ਲਾਗੂ ਕਰਨ ਅਤੇ ਪ੍ਰਭਾਵਾਂ ਬਾਰੇ ਵਰਕਸ਼ਾਪ 'ਚ ਮੌਜੂਦ ਲੋਕਾਂ ਨੂੰ ਜਾਣੂ ਕਰਵਾਇਆ | ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ (ਐਨ. ਆਈ. ਐਲ. ਪੀ.) ਵਰਗੇ ਵਿੱਦਿਅਕ ਸੁਧਾਰਾਂ 'ਤੇ ਧਿਆਨ ਕੇਂਦਰਿਤ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਾਇਲਟ ਪ੍ਰਾਜੈਕਟ 19 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਰੋਜ਼ਾਨਾ ਅਭਿਆਸ ਵਿਚ ਸਵੇਰ ਦੀ ਸਭਾ ਤੋਂ ਬਾਅਦ 30 ਮਿੰਟ ਦਾ ਮੈਡੀਟੇਸ਼ਨ ਸੈਸ਼ਨ ਕਰਵਾਇਆ ਜਾਂਦਾ ਹੈ | ਮਨੀਸ਼ ਸਿਸੋਦੀਆ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਧਿਆਨ ਕਰਨ ਨਾਲ ਸਾਡੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਵਿਚ ਸੁਧਾਰ ਹੁੰਦਾ ਹੈ | ਉਨ੍ਹਾਂ ਸਕੂਲ ਮੁਖੀਆਂ ਤੇ ਪਿ੍ੰਸੀਪਲਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਧਿਆਨ ਪ੍ਰੋਗਰਾਮ ਨੂੰ ਸੁਹਿਰਦਤਾ ਨਾਲ ਲਾਗੂ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਹਰੇਕ ਵਿਦਿਆਰਥੀ ਤੱਕ ਇਸ ਦਾ ਲਾਭ ਪਹੁੰਚੇ ਤਾਂ ਜੋ ਉਨ੍ਹਾਂ ਦੇ ਸਮੁੱਚੇ ਵਿਕਾਸ ਅਤੇ ਤੰਦਰੁਸਤੀ ਵਿਚ ਵਾਧਾ ਹੋ ਸਕੇ | ਅੰਤ 'ਚ ਡੀ. ਈ. ਓ. (ਸ. ਸ.) ਮੁਹਾਲੀ ਡਾ. ਗਿੰਨੀ ਦੁੱਗਲ ਨੇ ਵਰਕਸ਼ਾਪ 'ਚ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਪ੍ਰੋਗਰਾਮ ਦੇ ਲਾਭਾਂ 'ਤੇ ਚਾਨਣਾ ਪਾਇਆ |
ਸਰਕਾਰੀ ਸਕੂਲਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮੈਡੀਟੇਸ਼ਨ ਨੂੰ ਅਪਣਾਇਆ-ਬੈਂਸ <br/>
ਅਜੀਤ ਡੈਸਕ
06-02-2026