29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪੰਜਾਬ 'ਚ ਪਿਛਲੇ ਕੁਝ ਸਾਲਾਂ 'ਚ ਸਾਢੇ ਸੱਤ ਲੱਖ ਤੋਂ ਵੱਧ ਦੁਧਾਰੂ ਪਸ਼ੂਆਂ ਬਗੈਰ ਸੁੰਨੀਆਂ ਹੋਈਆਂ ਖੁਰਲੀਆਂ-ਪਰ ਦੁੱਧ ਦੀਆਂ ਫੇਰ ਵੀ ਪੌਂ ਬਾਰਾਂ ਮੱਝਾਂ ਦੀ ਗਿਣਤੀ 5 ਲੱਖ 22 ਹਜ਼ਾਰ ਤੇ ਗਾਵਾਂ ਦੀ ਗਿਣਤੀ 2 ਲੱਖ 32 ਹਜ਼ਾਰ ਘਟੀ <br/>

Ad Position 21
No active advertisement
ਅਜੀਤ ਡੈਸਕ 07-02-2026
ਸੱਤਪਾਲ ਸਿੰਘ ਸਿਵੀਆਂ

ਬਠਿੰਡਾ, 6 ਫਰਵਰੀ-ਪੰਜਾਬ ਅੰਦਰ ਲਗਾਤਾਰ ਦੁਧਾਰੂ ਪਸ਼ੂਆਂ ਦੀ ਗਿਣਤੀ 'ਚ ਵੱਡੀ ਕਮੀ ਸਾਹਮਣੇ ਆ ਰਹੀ ਹੈ, ਜਿਸ ਦੇ ਚਲਦਿਆਂ ਪਿਛਲੇ ਕੁਝ ਸਾਲਾਂ ਦੌਰਾਨ ਸੂਬੇ ਵਿਚ ਸਾਢੇ ਸੱਤ ਲੱਖ ਤੋਂ ਵੱਧ ਮੱਝਾਂ ਤੇ ਗਾਵਾਂ ਤੋਂ ਬਗੈਰ ਪਿੰਡਾਂ ਦੇ ਹਜ਼ਾਰਾਂ ਘਰਾਂ ਦੀਆਂ ਖੁਰਲੀਆਂ ਸੁੰਨੀਆਂ ਹੋ ਗਈਆਂ ਹਨ ਪਰ ਵੱਡੀ ਗੱਲ ਇਹ ਹੈ ਕਿ ਦੁਧਾਰੂ ਪਸ਼ੂ-ਧਨ ਦੀ ਵੱਡੀ ਘਾਟ ਨਾਲ ਜੂਝ ਰਹੇ ਸੂਬੇ ਅੰਦਰ ਦੱੁਧ ਦੀਆਂ ਅੱਜ ਵੀ ਪੌਂ ਬਾਰਾਂ ਹਨ | ਭਾਵ ਹਰ ਵੱਡੇ ਤੋਂ ਵੱਡੇ ਸਮਾਗਮ 'ਚ ਦੁੱਧ ਦੀ ਲੋੜ ਨੂੰ ਕੁਝ ਘੰਟਿਆਂ ਅੰਦਰ ਪੂਰਾ ਕਰ ਦਿੱਤਾ ਜਾਂਦਾ ਹੈ | ਦੁਧਾਰੂ ਪਸ਼ੂਆਂ ਦੀ ਹੋ ਰਹੀ ਵੱਡੀ ਘਾਟ ਦੇ ਬਾਵਜੂਦ ਸੂਬੇ 'ਚ ਪੂਰੀ ਹੋ ਰਹੀ ਦੁੱਧ ਦੀ ਮੰਗ 'ਤੇ ਸਮੇਂ-ਸਮੇਂ ਉੱਪਰ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ | ਅੰਕੜਿਆਂ ਅਨੁਸਾਰ ਸੂਬੇ 'ਚ ਇਸ ਵੇਲੇ ਰੋਜ਼ਾਨਾ 38 ਕਰੋੜ 82 ਲੱਖ ਲੀਟਰ ਦੁੱਧ ਦਾ ਉਤਪਾਦਨ ਹੋ ਰਿਹਾ, ਜਦੋਂਕਿ ਸੂਬੇ ਵਿਚ ਰੋਜ਼ਾਨਾ 39 ਕਰੋੜ 8 ਲੱਖ ਲੀਟਰ ਦੁੱਧ ਦੀ ਮੰਗ ਹੈ, ਜਿਸ ਵਿਚ ਬਹੁਤ ਥੋੜਾ ਫ਼ਰਕ ਹੈ | ਸੂਬਿਆਂ ਸਮੇਤ ਦੇਸ਼ ਭਰ 'ਚ ਪਸ਼ੂਆਂ ਦੀ ਗਿਣਤੀ ਹਰ 5 ਸਾਲ ਬਾਅਦ ਕੀਤੀ ਜਾਂਦੀ ਹੈ, ਜਿਸ ਅਨੁਸਾਰ ਪੰਜਾਬ 'ਚ 2007 ਦੀ ਪਸ਼ੂ ਗਣਨਾ ਅਨੁਸਾਰ ਮੱਝਾਂ ਦੀ ਕੁਲ ਗਿਣਤੀ 49.28 ਲੱਖ ਦਰਜ ਕੀਤੀ ਗਈ ਸੀ, ਜੋ 2012 ਤੱਕ ਵੱਧ ਕੇ 51.97 ਲੱਖ ਹੋ ਗਈ ਪਰ 2019 'ਚ ਇਹ ਗਿਣਤੀ 50.89 ਲੱਖ ਰਹਿ ਗਈ | ਇਸੇ ਤਰ੍ਹਾਂ 2007 'ਚ ਗਾਵਾਂ ਦੀ ਕੁਲ ਗਿਣਤੀ 21.57 ਲੱਖ ਸੀ, ਜੋ 2012 ਤੱਕ 20.18 ਲੱਖ ਦਰਜ ਕੀਤੀ ਗਈ ਪਰ 2019 ਤੱਕ ਇਹ ਗਿਣਤੀ 18.71 ਲੱਖ ਰਹਿ ਗਈ | ਸਾਲ 2019 ਦੀ ਗਣਨਾ ਮੌਕੇ ਪੰਜਾਬ 'ਚ ਮੱਝਾਂ, ਗਾਵਾਂ ਤੇ ਹੋਰ ਪਸ਼ੂਆਂ ਦੀ ਕੁਲ ਗਿਣਤੀ 73.82 ਲੱਖ ਦਰਜ ਕੀਤੀ ਗਈ ਸੀ, ਜੋ 2024-25 ਤੱਕ 68.03 ਲੱਖ ਰਹਿ ਗਈ, ਜਿਸ ਵਿਚ ਇਕੱਲੀਆਂ ਮੱਝਾਂ ਦੀ ਗਿਣਤੀ 5 ਲੱਖ 22 ਹਜ਼ਾਰ ਅਤੇ ਗਾਵਾਂ ਦੀ ਗਿਣਤੀ 2 ਲੱਖ 32 ਹਜ਼ਾਰ ਘਟੀ ਹੈ | ਦੂਜੇ ਪਾਸੇ, ਪੰਜਾਬ ਵਿਚ ਦੁੱਧ ਦੇ ਰੋਜ਼ਾਨਾ ਉਤਪਾਦਨ ਅਤੇ ਖਪਤ 'ਤੇ ਨਜ਼ਰ ਮਾਰੀ ਜਾਵੇ ਤਾਂ ਸੂਬੇ 'ਚ ਰੋਜ਼ਾਨਾ 38,082 ਮੈਟਿ੍ਕ ਟਨ (38 ਕਰੋੜ 82 ਲੱਖ ਲੀਟਰ) ਦੱੁਧ ਦਾ ਉਤਪਾਦਨ ਹੋ ਰਿਹਾ ਅਤੇ ਪ੍ਰਤੀ ਵਿਅਕਤੀ ਰੋਜ਼ਾਨਾ 1,245 ਗ੍ਰਾਮ ਦੁੱਧ ਦੀ ਲੋੜ ਹੈ, ਜਿਸ ਅਨੁਸਾਰ ਪੰਜਾਬ ਦੀ ਕੁੱਲ 3.2 ਕਰੋੜ ਆਬਾਦੀ ਅਨੁਸਾਰ ਸੂਬੇ 'ਚ ਰੋਜ਼ਾਨਾ 39. ਕਰੋੜ 8 ਲੱਖ ਲੀਟਰ ਦੁੱਧ ਦੀ ਲੋੜ ਹੈ | ਪੰਜਾਬ 'ਚ ਦੁਧਾਰੂ ਪਸ਼ੂਆਂ ਦੀ ਘਟ ਰਹੀ ਗਿਣਤੀ ਦਾ ਕਾਰਨ ਹਰਾ ਚਾਰਾ, ਭੂਸਾ, ਫੀਡ ਕੀਮਤਾਂ 'ਚ 30-50 ਫ਼ੀਸਦੀ ਤੱਕ ਦਾ ਵਾਧਾ, ਦੁੱਧ ਦੀ ਅਸੁਰੱਖਿਅਤ ਐਮ.ਐਸ.ਪੀ., ਨੌਜਵਾਨਾਂ ਦਾ ਡੇਅਰੀ ਧੰਦੇ ਤੋਂ ਦੂਰ ਜਾਣਾ, ਮਜ਼ਦੂਰਾਂ ਦੀ ਘਾਟ, ਲੰਪੀ ਸਕਿਨ ਤੇ ਹੋਰ ਰੋਗਾਂ ਨੂੰ ਮੰਨਿਆ ਜਾ ਰਿਹਾ | ਬੇਸ਼ੱਕ ਪੰਜਾਬ ਸਰਕਾਰ ਤੇ ਪਸ਼ੂ ਪਾਲਣ ਵਿਭਾਗ ਵਲੋਂ ਸੂਬੇ 'ਚ ਦੁਧਾਰੂ ਪਸ਼ੂਆਂ ਦੀ ਗਿਣਤੀ ਵਧਾਉਣ ਲਈ ਨਸਲ ਸੁਧਾਰ, ਟੀਕਾਕਰਨ ਅਤੇ ਸਬਸਿਡੀ ਵਰਗੇ ਕਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਦੁਧਾਰੂ ਪਸੂਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ 'ਚ ਸਟਰੀਟ ਲਾਈਟ ਵਿਭਾਗ ਦੇ ਠੇਕੇਦਾਰ ਵਲੋਂ ਇਲੈਕਟ੍ਰੀਸ਼ਨਾਂ ਨੂੰ ਤਨਖ਼ਾਹ ਨਾ ਦੇਣ ਦੀ ਬਸਪਾ ਆਗੂਆਂ ਨੇ ਕੀਤੀ... ਅਗਲੀ ਖ਼ਬਰ ਪੀ.ਏ.ਯੂ. ਵਲੋਂ ਮਾਰਚ ਦੇ ਕਿਸਾਨ ਮੇਲਿਆਂ ਲਈ ਤਰੀਕਾਂ ਦਾ ਐਲਾਨ <br/>
Ad Position 24