14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਗੋਡੇ ਸਾਡੇ ਜੁੜ ਗੇ, ਪੈਸਾ ਜੁੜਿਆ ਨੀਂ ਪੰਜਾਬੀਆਂ ਦੇ ਜੀਵਨ ਦੀ ਰਫ਼ਤਾਰ ਨੂੰ ਗੋਡਿਆਂ ਦੀ ਬਿਮਾਰੀ ਨੇ ਜਕੜਿਆ <br/>

Ad Position 21
No active advertisement
ਅਜੀਤ ਡੈਸਕ 21-02-2026

ਸੱਤਪਾਲ ਸਿੰਘ ਸਿਵੀਆਂ

ਬਠਿੰਡਾ, 20 ਫਰਵਰੀ-ਇਕ ਪੰਜਾਬੀ ਗਾਣਾ ਬੜਾ ਮਸ਼ਹੂਰ ਹੈ ਕਿ 'ਗੋਡੇ ਸਾਡੇ ਜੁੜ ਗੇ, ਪੈਸਾ ਜੁੜਿਆ ਨੀਂ' ਪਰ ਇਸ ਨੂੰ ਕਬੀਲਦਾਰੀ ਦੇ ਨਜ਼ਰੀਏ ਤੋਂ ਹਟ ਕੇ ਪੰਜਾਬੀਆਂ ਨੂੰ ਚਿੰਬੜ ਰਹੀ ਗੋਡਿਆਂ ਦੀ ਨਾਮੁਰਾਦ ਬਿਮਾਰੀ ਵਾਲੇ ਪੱਖ ਤੋਂ ਦੇਖਿਆ ਜਾਵੇ ਤਾਂ ਪੰਜਾਬੀਆਂ ਦੇ ਜੀਵਨ ਦੀ ਰਫ਼ਤਾਰ ਨੂੰ ਗੋਡਿਆਂ ਦੀ ਬਿਮਾਰੀ ਵਲੋਂ ਲਗਾਤਾਰ ਜਕੜਿਆ ਜਾ ਰਿਹਾ ਹੈ | ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ਸਿਹਤ ਅਤੇ ਸਰੀਰਕ ਜੁਸੇ ਪੱਖੋਂ ਤਾਕਤਵਰ ਮੰਨੇ ਜਾਂਦੇ ਪੰਜਾਬੀ ਹੁਣ ਆਪਣੇ ਦੁਸ਼ਮਣ ਦੀ ਧੌਣ 'ਤੇ ਗੋਡਾ ਧਰਨ ਦਾ ਦਮ ਭਰਨ ਦੀ ਬਜਾਏ ਖ਼ੁਦ ਗੋਡਿਆਂ 'ਚ ਧੌਣ ਸੁੱਟ ਕੇ ਬੈਠ ਰਹੇ ਹਨ | ਸੂਬੇ 'ਚ ਫੈਲੀ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਬਾਅਦ ਹੁਣ ਗੋਡਿਆਂ ਦੀ ਬਿਮਾਰੀ ਅਮਰਵੇਲ ਵਾਂਗ ਵਧ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਸੂਬੇ ਦਾ 50 ਸਾਲ ਦੀ ਉਮਰ ਤੋਂ ਵੱਧ ਦਾ ਹਰ ਤੀਜਾ ਵਿਅਕਤੀ ਗੋਡਿਆਂ ਦੀ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੈ ਅਤੇ ਅਜਿਹੇ 10 ਕੇਸਾਂ 'ਚੋਂ 6 ਕੇਸ ਔਰਤਾਂ ਨਾਲ ਸੰਬੰਧਿਤ ਹਨ | ਪੰਜਾਬ ਹੁਣ 'ਗੋਡਾ ਰਿਪਲੇਸਮੈਂਟ ਹੱਬ' ਬਣਦਾ ਜਾ ਰਿਹਾ, ਜਿਸ ਦਾ ਮੁੱਖ ਕਾਰਨ ਪੰਜਾਬੀਆਂ ਵਿਚ ਵਧ ਰਿਹਾ ਮੋਟਾਪਾ, ਡਾਇਬਟੀਜ਼ ਮੋਟਾਪਾ, ਬੈਠਕੂ ਜੀਵਨ-ਸ਼ੈਲੀ, ਡਾਇਬਟੀਜ਼/ਹਾਈ ਬਲੱਡ ਪ੍ਰੈਸ਼ਰ, ਪੁਰਾਣੀਆਂ ਖੇਤੀਬਾੜੀ/ਖੇਡਾਂ ਦੀਆਂ ਸੱਟਾਂ, ਸਰੀਰਕ ਕਸਰਤ ਦੀ ਘਾਟ ਅਤੇ ਬੇਤੁਕੇ ਖਾਣ-ਪੀਣ ਨੂੰ ਮੰਨਿਆ ਜਾ ਰਿਹਾ | ਸੂਬੇ ਦੇ ਗੋਡਾ ਬਦਲਣ ਵਾਲੇ ਸਰਕਾਰੀ ਅਤੇ ਗੈਰ-ਸਰਕਾਰੀ ਮੈਡੀਕਲ ਕਾਲਜ/ਹਸਪਤਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਭਰ 'ਚ ਰੋਜ਼ਾਨਾ 400 ਤੋਂ ਲੈ ਕੇ 600 ਵਿਚਕਾਰ ਗੋਡਿਆਂ ਦੇ ਦਰਦ, ਸੁੱਜਣ ਤੇ ਚੱਲਣ ਬਿਮਾਰੀ ਤੋਂ ਪੀੜਤ ਲੋਕ ਜਾਂਚ ਕਰਵਾਉਣ ਲਈ ਆਉਂਦੇ ਹਨ, ਜਿਨ੍ਹਾਂ 'ਚੋਂ ਰੋਜ਼ਾਨਾ 25 ਤੋਂ ਲੈ ਕੇ 40 ਤੱਕ ਲੋਕਾਂ ਵਲੋਂ ਆਪਣੇ ਗੋਡੇ ਬਦਲਾਏ ਜਾਂਦੇ ਹਨ | ਸੂਬੇ 'ਚ ਇਹ ਸਾਲਾਨਾ ਅੰਦਾਜ਼ਨ ਗਿਣਤੀ 9000 ਤੋਂ 14000 ਦੇ ਵਿਚਕਾਰ ਹੈ, ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ | ਇਸ ਬਿਮਾਰੀ ਤੋਂ ਸ਼ਹਿਰਾਂ ਦੇ ਲੋਕ ਵੱਧ ਪੀੜਤ ਹਨ, ਜਦਕਿ ਪੇਂਡੂ ਖੇਤਰ 'ਚ ਗਿਣਤੀ ਬੇਸ਼ੱਕ ਘੱਟ ਹੈ ਪਰ ਇਸ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ | ਗੋਡਿਆਂ ਦੇ ਸਰਕਾਰੀ ਪੱਧਰ 'ਤੇ ਮੁਫ਼ਤ ਜਾਂ ਸਸਤੀਆਂ ਦਰਾਂ 'ਤੇ ਹੋਣ ਵਾਲੇ ਇਲਾਜ 'ਤੇ ਨਜ਼ਰ ਮਾਰੀ ਜਾਵੇ ਤਾਂ ਕੇਂਦਰ ਸਰਕਾਰ ਵਲੋਂ ਆਯੂਸ਼ਮਾਨ ਕਾਰਡ (ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ) ਅਤੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋਕਾਂ ਨੂੰ ਸਰਕਾਰੀ ਅਤੇ ਚੁਣੀਦਾ ਗੈਰ-ਸਰਕਾਰੀ ਹਸਪਤਾਲਾਂ ਵਿਚ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ, ਜਿਸ ਦੇ ਚਲਦਿਆਂ ਸੂਬੇ ਦੇ ਗੋਡਾ ਬਦਲਣ ਦੀ ਤਕਨੀਕ ਨਾਲ ਲੈਸ ਕੁਲ 8 ਤੋਂ 12 ਸਰਕਾਰੀ ਅਤੇ 60 ਤੋਂ 90 ਨਿੱਜੀ ਹਸਪਤਾਲਾਂ/ਕੇਂਦਰਾਂ 'ਚ ਗੋਡੇ ਬਦਲਾਉਣ ਵਾਲੇ ਲੋਕਾਂ ਦੀ ਭੀੜ ਦੇਖੀ ਜਾ ਸਕਦੀ ਹੈ | ਗੋਡਾ ਬਦਲਣ ਵਾਲੇ ਸਰਕਾਰੀ ਅਤੇ ਗੈਰ-ਸਰਕਾਰੀ ਹਸਪਤਾਲਾਂ ਦੇ ਖ਼ਰਚਿਆਂ 'ਤੇ ਝਾਤ ਮਾਰੀ ਜਾਵੇ ਤਾਂ ਸਰਕਾਰੀ ਹਸਪਤਾਲਾਂ ਵਿਚ ਇਕ ਗੋਡਾ ਅੰਦਾਜ਼ਨ 60000 ਰੁਪਏ ਅਤੇ ਦੋਵੇਂ ਗੋਡੇ 1 ਲੱਖ ਕੁ ਰੁਪਏ ਅੰਦਰ ਬਦਲੇ ਜਾਂਦੇ, ਜਦਕਿ ਪ੍ਰਾਈਵੇਟ ਹਸਪਤਾਲਾਂ ਵਿਚ (ਸਟੈਂਡਰਡ ਇੰਪਲਾਂਟ) ਦਾ ਖਰਚਾ 2 ਤੋਂ 5 ਲੱਖ ਤੱਕ ਅਤੇ ਹਾਈ-ਫਲੈਕਸ/ਰੋਬੋਟਿਕ ਸਰਜਰੀ ਦਾ ਖ਼ਰਚਾ 3 ਤੋਂ 8 ਲੱਖ ਤੱਕ ਦੱਸਿਆ ਜਾ ਰਿਹਾ ਹੈ | ਸੂਬੇ ਅੰਦਰ ਪਿਛਲੇ 5 ਸਾਲਾਂ ਅੰਦਰ ਲੋਕਾਂ ਵਿਚ ਗੋਡਿਆਂ ਦੀ ਬਿਮਾਰੀ ਵਿਚ 8 ਤੋਂ 10 ਫ਼ੀਸਦੀ ਤੱਕ ਵਾਧਾ ਹੋਇਆ ਹੈ, ਜਿਸ ਦੇ ਸੁਧਾਰ ਲਈ ਸਰਕਾਰ ਦੇ ਨਾਲ-ਨਾਲ ਪੰਜਾਬੀਆਂ ਨੇ ਆਪਣੀ ਜੀਵਨ ਸ਼ੈਲੀ ਦੇ ਖਾਣ-ਪੀਣ ਤੇ ਸਿਹਤ ਸੰਭਾਲ ਵੱਲ ਸਮਾਂ ਰਹਿੰਦੀਆਂ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਤਾਂ ਉਹ ਸਮਾਂ ਦੂਰ ਨਹੀਂ, ਜਦੋਂ ਪੰਜਾਬੀ ਉਮਰ ਦੇ ਲਿਹਾਜ਼ ਦੇ ਨਾਲ ਬੁਢਾਪੇ ਵਿਚ ਪਹੁੰਚ ਕੇ ਗੋਡਿਆਂ ਦੀ ਮੁਸ਼ਕਲ ਕਾਰਨ ਤੁਰਨ-ਫਿਰਨ ਤੋਂ ਕੁਝ ਅਸਮਰਥ ਹੋਣ ਦੀ ਬਜਾਏ ਆਪਣੇ ਜਵਾਨੀ ਪਹਿਰੇ ਵਿਚ ਹੀ ਖੰੂਡੀ ਦਾ ਸਹਾਰਾ ਲੈਣ ਲਈ ਮਜ਼ਬੂਰ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਪਾਕਿ ਨੇ ਹਾਕੀ ਕਪਤਾਨ ਬੱਟ 'ਤੇ ਲੱਗੀ ਦੋ ਸਾਲ ਦੀ ਪਾਬੰਦੀ ਹਟਾਈ ਅਗਲੀ ਖ਼ਬਰ ਧਾਮੀ ਵਲੋਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰ ਸਿੰਘਾਂ ਨਾਲ ਇਕੱਤਰਤਾ <br/>
Ad Position 24