20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਫਰਵਰੀ ਦੀ ਗਰਮੀ ਪਾਵਰਕਾਮ ਦੇ ਛੁਡਾਉਣ ਲੱਗੀ ਪਸੀਨੇ <br/>

Ad Position 21
No active advertisement
ਅਜੀਤ ਡੈਸਕ 22-02-2026

ਪਿਛਲੇ ਸਾਲ ਦੇ ਮੁਕਾਬਲੇ ਫਰਵਰੀ ਮਹੀਨੇ 'ਚ 10 ਹਜ਼ਾਰ ਮੈਗਾਵਾਟ ਤੱਕ ਪੁੱਜੀ ਮੰਗ
ਸ਼ਿਵ ਸ਼ਰਮਾ

ਜਲੰਧਰ, 21 ਫਰਵਰੀ-ਪਿਛਲੇ ਕੁਝ ਸਾਲਾਂ ਤੋਂ ਜਲਵਾਯੂ 'ਚ ਲਗਾਤਾਰ ਹੋ ਰਹੇ ਬਦਲਾਅ ਕਰਕੇ ਗਰਮੀ ਵਧ ਰਹੀ ਹੈ ਤਾਂ ਇਸ ਨਾਲ ਬਿਜਲੀ ਦੀ ਮੰਗ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ | ਮਾਰਚ ਮਹੀਨੇ ਵਿਚ ਹੀ ਗਰਮੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਪਰ ਇਸ ਸਾਲ ਮਾਰਚ ਮਹੀਨੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਫਰਵਰੀ ਦੇ ਮਹੀਨੇ ਦੀ ਗਰਮੀ ਨੇ ਪਾਵਰਕਾਮ ਦੇ ਪਸੀਨੇ ਛਡਾ ਦਿੱਤੇ ਹਨ, ਕਿਉਂਕਿ ਇਸ ਮਹੀਨੇ ਗਰਮੀ ਦਾ ਅਸਰ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਨੂੰ ਛੂਹਣ ਜਾ ਰਹੀ ਹੈ, ਜਿਹੜੀ ਕਿ ਪਿਛਲੇ ਸਾਲ ਦੇ ਫਰਵਰੀ ਮਹੀਨੇ ਦੇ ਮੁਕਾਬਲੇ 10 ਫ਼ੀਸਦੀ ਦੇ ਕਰੀਬ ਬਿਜਲੀ ਦੀ ਮੰਗ ਜ਼ਿਆਦਾ ਦਰਜ ਕੀਤੀ ਗਈ ਹੈ | ਫਰਵਰੀ ਮਹੀਨੇ ਵਿਚ ਗਰਮੀ ਮਹਿਸੂਸ ਹੋਣ ਨਾਲ ਜਿਥੇ ਪਾਵਰਕਾਮ ਦੀ ਚਿੰਤਾ ਵਧਣ ਲੱਗੀ ਹੈ ਕਿ ਜੇਕਰ ਇਸ ਸਾਲ ਜ਼ਿਆਦਾ ਗਰਮੀ ਪੈਂਦੀ ਹੈ ਤਾਂ ਬਿਜਲੀ ਦੀ ਮੰਗ ਪੂਰੀ ਕਰਨ ਲਈ ਉਸ ਦੇ ਬਿਜਲੀ ਖ਼ਰੀਦ ਦੇ ਖ਼ਰਚੇ ਵਿਚ ਵਾਧਾ ਹੋ ਸਕਦਾ ਹੈ | ਚਾਹੇ ਮੌਸਮ ਮਾਹਿਰਾਂ ਦਾ ਕਹਿਣਾ ਸੀ ਕਿ ਜੇਕਰ ਪਹਿਲਾਂ ਗਰਮੀ ਪੈਣੀ ਸ਼ੁਰੂ ਹੁੰਦੀ ਹੈ, ਪ੍ਰੀ-ਮੌਨਸੂਨ ਵੀ ਸ਼ੁਰੂ ਹੋ ਸਕਦਾ ਹੈ | ਜੇਕਰ ਸੂਬੇ ਵਿਚ ਬਿਜਲੀ ਦੀ ਮੰਗ ਵਿਚ ਹਰ ਸਾਲ 200 ਤੋਂ ਲੈ ਕੇ 300 ਮੈਗਾਵਾਟ ਬਿਜਲੀ ਦੀ ਮੰਗ ਵਿਚ ਵਾਧਾ ਹੋ ਰਿਹਾ ਹੈ ਤਾਂ ਇਸ ਦਾ ਇਕ ਕਾਰਨ ਬਿਜਲੀ ਦੇ ਨਵੇਂ ਕੁਨੈਕਸ਼ਨ ਵੀ ਲੱਗ ਰਹੇ ਹਨ | ਇਸ ਤੋਂ ਇਲਾਵਾ ਜਲਵਾਯੂ ਪਰਿਵਰਤਨ ਕਾਰਨ ਲਗਾਤਾਰ ਵਧ ਰਹੀ ਗਰਮੀ ਵੀ ਇੱਕ ਵੱਡਾ ਕਾਰਨ ਹੈ | ਪੰਜਾਬ ਸਰਕਾਰ ਵਲੋਂ ਜਿਥੇ ਸੂਬੇ ਵਿਚ ਬਿਜਲੀ ਉਤਪਾਦਨ ਨੂੰ ਲੈ ਕੇ ਕਾਫ਼ੀ ਯਤਨ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਅਜੇ ਸੂਬੇ ਵਿਚ ਸਰਕਾਰੀ ਖੇਤਰ ਵਿਚ ਹੋਰ ਬਿਜਲੀ ਉਤਪਾਦਨ ਵਧਾਉਣ ਲਈ ਵੀ ਸਰਕਾਰ ਨੂੰ ਵੱਡੇ ਪੱਧਰ 'ਤੇ ਯੋਜਨਾਵਾਂ ਬਣਾਉਣੀਆਂ ਪੈਣਗੀਆਂ | ਤਾਪਮਾਨ ਵਿਚ ਲਗਾਤਾਰ ਵਾਧਾ ਹੋਣ ਕਰਕੇ ਜਿਸ ਤਰ੍ਹਾਂ ਨਾਲ ਬਿਜਲੀ ਦੀ ਮੰਗ ਵਿਚ ਵਾਧਾ ਹੋ ਰਿਹਾ ਹੈ ਤਾਂ ਆਉਣ ਵਾਲੇ ਤਿੰਨ ਜਾਂ ਚਾਰ ਸਾਲਾਂ ਵਿਚ ਸਥਿਤੀ ਹੋਰ ਵੀ ਚਿੰਤਾਜਨਕ ਹੋਣ ਵਾਲੀ ਹੈ, ਕਿਉਂਕਿ ਕੁਝ ਸਾਲ ਪਹਿਲਾਂ ਕੇਂਦਰ ਦੀ ਇਕ ਰਿਪੋਰਟ ਮੁਤਾਬਿਕ ਸਾਲ 2029-30 ਵਿਚ ਬਿਜਲੀ ਦੀ ਮੰਗ 19500 ਮੈਗਾਵਾਟ ਤੋਂ ਵੀ ਪਾਰ ਕਰ ਜਾਵੇਗੀ | ਸੂਬੇ ਵਿਚ ਹਰ ਸਾਲ ਬਿਜਲੀ ਦੀ ਮੰਗ ਵਧਣ ਕਰਕੇ ਪਾਵਰਕਾਮ ਦੀ ਬਿਜਲੀ ਖ਼ਰੀਦ ਦੇ ਬਿੱਲ ਵਿਚ ਵੀ ਹਰ ਸਾਲ ਵਾਧਾ ਹੋ ਰਿਹਾ ਹੈ | ਜਾਣਕਾਰੀ ਮੁਤਾਬਿਕ ਸਾਲ 2021-22 ਵਿਚ ਪੰਜਾਬ ਵਿਚ ਕੁਲ ਬਿਜਲੀ ਖਪਤ 62,382 ਮਿਲੀਅਨ ਯੂਨਿਟ ਦਰਜ ਕੀਤੀ ਗਈ ਸੀ | ਸਾਲ 2022-23 ਵਿਚ ਬਿਜਲੀ ਦੀ ਮੰਗ 69,513 ਮਿਲੀਅਨ ਯੂਨਿਟ ਦਰਜ ਕੀਤੀ ਗਈ ਸੀ | ਇਹ ਉਹ ਸਾਲ ਰਿਹਾ ਸੀ, ਜਦੋਂ 19 ਮਾਰਚ 2022 ਵਿਚ ਬਿਜਲੀ ਦੀ ਮੰਗ ਕਾਫ਼ੀ ਵਧ ਗਈ ਸੀ ਤਾਂ ਉਸ ਵੇਲੇ ਹੀ ਤਾਪਮਾਨ 40 ਡਿਗਰੀ ਤੱਕ ਪੁੱਜ ਗਿਆ ਸੀ | 2021-22 ਵਿਚ ਬਿਜਲੀ ਦੀ ਮੰਗ 13,431 ਮੈਗਾਵਾਟ ਤੇ 2022-23 ਵਿਚ ਬਿਜਲੀ ਦੀ ਮੰਗ 14,311 ਮੈਗਾਵਾਟ, 2023-24 ਵਿਚ 70,460 ਮਿਲੀਅਨ ਯੂਨਿਟ ਬਿਜਲੀ ਦੀ ਮੰਗ ਦਰਜ ਹੋਈ ਸੀ ਤਾਂ 2023-24 ਵਿਚ ਬਿਜਲੀ ਦੀ ਮੰਗ 15,325 ਮੈਗਾਵਾਟ ਤੱਕ ਪੁੱਜ ਗਈ ਸੀ | 2024-25 ਵਿਚ ਬਿਜਲੀ ਦੀ ਮੰਗ 16,000 ਮੈਗਾਵਾਟ ਤੋਂ ਟੱਪ ਗਈ ਸੀ | ਸੂਬੇ ਵਿਚ ਜਿਸ ਤਰਾਂ ਨਾਲ ਬਿਜਲੀ ਦੀ ਮੰਗ ਵਿਚ ਵਾਧਾ ਹੋ ਰਿਹਾ ਹੈ ਤਾਂ ਪਾਵਰਕਾਮ ਸਰਕਾਰੀ ਖੇਤਰ ਦੇ ਪਲਾਂਟ ਤੋਂ ਇਲਾਵਾ ਨਿੱਜੀ ਕੰਪਨੀਆਂ ਤੋਂ ਵੀ ਬਿਜਲੀ ਦੀ ਖ਼ਰੀਦ ਕਰਨੀ ਪੈਂਦੀ ਹੈ ਤਾਂ ਹਰ ਸਾਲ ਗਰਮੀ ਵਧਣ ਨਾਲ ਬਿਜਲੀ ਦੀ ਮੰਗ ਅਨੁਸਾਰ ਬਿਜਲੀ ਖ਼ਰੀਦ ਬਿੱਲ ਵਿਚ ਵੀ ਵਾਧਾ ਹੋ ਰਿਹਾ ਹੈ | ਜਿਥੇ ਪਾਵਰਕਾਮ ਵਲੋਂ ਸਾਲ 2025-26 ਵਿਚ ਉਸ ਦਾ ਬਿਜਲੀ ਖ਼ਰੀਦ ਦਾ ਬਿੱਲ 26,000 ਕਰੋੜ ਤੋਂ ਜ਼ਿਆਦਾ ਦਾ ਟੱਪਣ ਦਾ ਅੰਦਾਜ਼ਾ ਹੈ ਤਾਂ ਇਸ ਤੋਂ ਪਹਿਲਾਂ ਸਾਲ 2023-24 ਵਿਚ ਪਾਵਰਕਾਮ ਨੇ ਕਰੀਬ 19,000 ਕਰੋੜ ਅਤੇ ਸਾਲ 2024-25 ਵਿਚ 21,500 ਕਰੋੜ ਦੇ ਕਰੀਬ ਬਿਜਲੀ ਦੀ ਖ਼ਰੀਦ ਕੀਤੀ ਸੀ |

Ad Position 22
No active advertisement
ਪਿਛਲੀ ਖ਼ਬਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ 'ਚ ਸਹਾਈ ਹੋਵੇਗੀ ਏ. ਆਈ. ਆਧਾਰਿਤ ਤਕਨਾਲੋਜੀ-ਗੁਰਜੋਤ ਕੌਰ... ਅਗਲੀ ਖ਼ਬਰ ਅੰਮਿ੍ਤਸਰ ਨਗਰ ਨਿਗਮ ਦੇ ਡਰਾਈਵਰ ਤੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ <br/>
Ad Position 24