ਬਾਘਾ ਪੁਰਾਣਾ (ਮੋਗਾ), 23 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਬੀਤੇ ਮਹੀਨੇ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਪਿੰਡ ਮਾਣੂੰਕੇ ਜ਼ੋਨ ਤੋਂ ਰਵਾਇਤੀ ਪਾਰਟੀਆਂ ਦੁਆਰਾ ਮੈਦਾਨ 'ਚ ਉਤਾਰੇ ਆਮ ਘਰਾਂ ਤੋਂ ਰਾਜਨੀਤੀ 'ਚ ਆਏ ਨੌਜਵਾਨਾਂ ਨੇ ਸਿਆਸੀ ਘੁਲਾਟੀਆਂ ਨੂੰ ਰਾਜਨੀਤੀ 'ਚ ਪਛਾੜਦੇ ਹੋਏ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਪਿੰਡ ਮਾਣੂੰਕੇ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਕੁਲਵਿੰਦਰ ਕੌਰ ਦੇ ਪਤੀ ਮਨਦੀਪ ਸਿੰਘ ਮਾਣੂੰਕੇ ਜਿਸ ਨੇ ਆਪਣਾ ਸਿਆਸੀ ਕੈਰੀਅਰ ਇਕ ਪੰਚਾਇਤ ਮੈਂਬਰ ਤੋਂ ਸ਼ੁਰੂ ਕੀਤਾ ਅਤੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਨਿਰਦੇਸ਼ਾਂ ਤਹਿਤ ਕੰਮ ਕਰਦੇ ਹੋਏ ਪਿੰਡ ਅਤੇ ਹਲਕੇ ਦੇ ਕੰਮਾਂ ਨੂੰ ਪਹਿਲ ਦਿੱਤੀ, ਜਿਸ ਕਰਕੇ ਮਨਦੀਪ ਸਿੰਘ ਬਲਾਕ ਆਗੂ ਅਤੇ ਜ਼ਿਲ੍ਹਾ ਟਰੱਕ ਯੂਨੀਅਨ ਪ੍ਰਧਾਨ ਬਣਿਆ | ਇਸ ਉਪਰੰਤ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ ਨੇ ਗਰਾਮ ਪੰਚਾਇਤ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਵਲੋਂ ਖੜ੍ਹੇ ਉਮੀਦਵਾਰਾਂ ਨੂੰ ਸ਼ਾਨਦਾਰ ਜਿੱਤ ਦਿਵਾਈ ਅਤੇ ਬੀਤੇ ਮਹੀਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਮਾਣੂੰਕੇ ਜ਼ੋਨ ਤੋਂ ਆਪਣੀ ਪਤਨੀ ਕੁਲਵਿੰਦਰ ਕੌਰ ਨੂੰ ਫਸਵੀਂ ਟੱਕਰ ਉਪਰੰਤ ਸ਼ਾਨਦਾਰ ਜਿੱਤ ਦਿਵਾਈ | ਇਸੇ ਤਰ੍ਹਾਂ ਮਾਣੂੰਕੇ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਜਿੱਤੇ ਆਜ਼ਾਦ ਉਮੀਦਵਾਰ ਜਸਕਰਨ ਸਿੰਘ ਜੱਸੀ ਨੇ ਪੰਜ ਸਾਲ ਪਹਿਲਾਂ ਸਿਆਸਤ 'ਚ ਉਸ ਸਮੇਂ ਪੈਰ ਰੱਖਿਆ ਜਦੋਂ ਉਸ ਦੀ ਪਤਨੀ ਜਸਵੀਰ ਕੌਰ ਸ਼ਾਨਦਾਰ ਵੋਟਾਂ ਨਾਲ ਪੰਚਾਇਤ ਮੈਂਬਰ ਬਣੀ | ਜਸਕਰਨ ਸਿੰਘ ਜੱਸੀ ਖੇਤੀਬਾੜੀ ਦੇ ਨਾਲ-ਨਾਲ ਕਾਰੋਬਾਰ 'ਚ ਕਿਸਮਤ ਅਜ਼ਮਾਉਂਦੇ ਹੋਏ ਸ਼ਰਾਬ ਦੇ ਠੇਕੇਦਾਰ ਵਜੋਂ ਹਲਕੇ ਅੰਦਰ ਵੱਖਰੀ ਪਛਾਣ ਬਣਾਉਂਦੇ ਹੋਏ ਪਿੰਡ ਅਤੇ ਹਲਕੇ ਦੇ ਲੋਕਾਂ ਦੇ ਕੰਮ ਧੰਦੇ ਕਰਵਾਉਣੇ ਸ਼ੁਰੂ ਕੀਤੇ ਅਤੇ ਬੀਤੇ ਮਹੀਨੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਸਿਆਸੀ ਥੰਮ੍ਹਾਂ ਅਤੇ ਸੱਤਾਧਾਰੀ ਪਾਰਟੀਆਂ ਨੂੰ ਪਛਾੜਦੇ ਹੋਏ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਪਿੰਡ ਮਾਣੂੰਕੇ ਦੇ ਦੋਵੇਂ ਸਰਗਰਮ ਨੌਜਵਾਨ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ ਅਤੇ ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ ਤੋਂ ਹਲਕਾ ਵਾਸੀ ਅਤੇ ਪਿੰਡ ਵਾਸੀਆਂ ਨੂੰ ਵੱਡੀਆਂ ਆਸਾਂ ਹਨ |
ਪ੍ਰਧਾਨ ਮਨਦੀਪ ਸਿੰਘ ਮਾਣੂੰਕੇ ਅਤੇ ਸੰਮਤੀ ਮੈਂਬਰ ਜੱਸੀ ਠੇਕੇਦਾਰ ਤੋਂ ਮਾਣੂੰਕੇ ਜ਼ੋਨ ਨੂੰ ਵੱਡੀਆਂ ਆਸਾਂ <br/>
ਅਜੀਤ ਡੈਸਕ
24-02-2026