ਜਲੰਧਰ, 23 ਫਰਵਰੀ (ਸ਼ਿਵ ਸ਼ਰਮਾ)-ਪੰਜਾਬ ਸਰਕਾਰ ਨੇ ਵਿੱਤੀ ਸਾਲ 2026-27 ਦੀ ਸ਼ਰਾਬ ਨੀਤੀ ਦਾ ਅੱਜ ਐਲਾਨ ਕਰ ਦਿੱਤਾ ਹੈ ਤੇ ਇਸ ਵਿਚ ਪਹਿਲੀ ਵਾਰ 'ਆਪ' ਸਰਕਾਰ ਵਲੋਂ ਨਾਜਾਇਜ਼ ਜਾਂ ਫਿਰ ਘਟੀਆ ਦੇਸੀ ਸ਼ਰਾਬ ਦੀ ਵਿੱਕਰੀ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਉਠਾਉਂਦੇ ਹੋਏ 40 ਡਿਗਰੀ ਵਾਲੀ ਸ਼ਰਾਬ ਦੀ ਵਿੱਕਰੀ ਸ਼ੁਰੂ ਕਰਨ ਦੀ ਮਨਜੂਰੀ ਦੇ ਦਿੱਤੀ ਹੈ ਤੇ ਸ਼ਰਾਬ ਨੀਤੀ ਵਿਚ ਇਸ ਦੀ ਵਿੱਕਰੀ ਲਈ ਸਬ ਠੇਕੇ ਖੋਲ੍ਹਣ ਲਈ ਵੀ ਕਮੇਟੀਆਂ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਹੁਣ ਤੱਕ ਸੂਬੇ ਵਿਚ 50 ਅਤੇ 65 ਡਿਗਰੀ ਵਾਲੀ ਸ਼ਰਾਬ ਦੀ ਵਿੱਕਰੀ ਹੁੰਦੀ ਰਹੀ ਹੈ | ਸਰਕਾਰ ਕੁੱਝ ਸਾਲਾਂ ਤੋਂ ਇਸ ਕਰਕੇ 40 ਡਿਗਰੀ ਵਾਲੀ ਦੇਸੀ ਸ਼ਰਾਬ ਲਿਆਉਣ ਲਈ ਯਤਨ ਕਰ ਰਹੀ ਸੀ ਕਿਉਂਕਿ ਸੂਬੇ ਵਿਚ ਨਾਜਾਇਜ਼ ਸ਼ਰਾਬ ਦੀ ਵਿੱਕਰੀ ਨਾਲ ਕਈ ਲੋਕਾਂ ਦੀਆਂ ਜਾਨਾਂ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਸਨ | ਸਰਕਾਰ ਨੇ ਨਾਜਾਇਜ਼ ਤੌਰ 'ਤੇ ਤਿਆਰ ਹੁੰਦੀ ਇਸ ਸ਼ਰਾਬ ਦੀ ਵਿੱਕਰੀ ਨੂੰ ਠੱਲ੍ਹ ਪਾਉਣ ਲਈ 40 ਡਿਗਰੀ ਵਾਲੀ ਦੇਸੀ ਸ਼ਰਾਬ ਲਿਆਉਣ ਦਾ ਫ਼ੈਸਲਾ ਕੀਤਾ ਹੈ ਤੇ ਆਮ ਗ਼ਰੀਬ ਤਬਕੇ ਨੂੰ ਇਹ ਸਸਤੀ ਸ਼ਰਾਬ ਮਿਲੇਗੀ | 40 ਡਿਗਰੀ ਵਾਲੀ ਸ਼ਰਾਬ ਦੀ ਵਿੱਕਰੀ ਲਈ ਹਰ ਗਰੁੱਪ ਨੂੰ ਅਲੱਗ ਠੇਕੇ ਖੋਲ੍ਹਣ ਦੀ ਸਹੂਲਤ ਦਿੱਤੀ ਜਾਵੇਗੀ | ਸ਼ਹਿਰੀ ਖੇਤਰ ਵਿਚ ਹਰ ਗਰੁੱਪ ਇਸ ਸ਼ਰਾਬ ਦੇ 2 ਸਬ ਠੇਕੇ 'ਤੇ ਪੇਂਡੂ ਖੇਤਰ ਵਿਚ ਇਸ ਸ਼ਰਾਬ ਦੀ ਵਿੱਕਰੀ ਲਈ 3 ਸਬ ਠੇਕੇ ਖ਼ੋਲ ਸਕਦਾ ਹੈ | ਹਰ ਗਰੁੱਪਾਂ ਨੂੰ ਸਬ ਠੇਕੇ ਖੋਲ੍ਹਣ ਦੀ ਮਨਜੂਰੀ ਦੇਣ ਲਈ ਹਰ ਜ਼ੋਨ ਵਿਚ ਗਠਿਤ ਹੋਣ ਵਾਲੀਆਂ ਕਮੇਟੀਆਂ ਫ਼ੈਸਲਾ ਕਰਨਗੀਆਂ | ਇਨ੍ਹਾਂ ਕਮੇਟੀਆਂ ਵਿਚ ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਤੋਂ ਇਲਾਵਾ 2 ਸਹਾਇਕ ਕਮਿਸ਼ਨਰ ਵੀ ਸ਼ਾਮਿਲ ਕੀਤੇ ਜਾਣਗੇ | ਗਰੁੱਪ ਵੱਲੋਂ ਕੁਲ ਚੁੱਕੇ ਜਾਣ ਵਾਲੇ ਦੇਸੀ ਸ਼ਰਾਬ ਦੇ ਕੋਟੇ 'ਤੇ 5 ਫੀਸਦੀ 40 ਡਿਗਰੀ ਵਾਲੀ ਸ਼ਰਾਬ ਲਈ ਜਾ ਸਕਦੀ ਹੈ | ਇਸ ਸ਼ਰਾਬ ਦੀ ਵਿੱਕਰੀ ਲਈ ਸਬ ਠੇਕੇ ਖੋਲ੍ਹਣ ਲਈ ਲਾਇਸੈਂਸ ਫ਼ੀਸ 10 ਹਜ਼ਾਰ ਰੁਪਏ ਰੱਖੀ ਗਈ ਹੈ ਜਦਕਿ ਆਬਕਾਰੀ ਵਿਭਾਗ ਵਲੋਂ ਗਰੁੱਪਾਂ ਲਈ ਸਬ ਠੇਕੇ ਖੋਲ੍ਹਣ ਲਈ ਲਾਇਸੈਂਸ ਫ਼ੀਸ ਵਿਚ ਵਾਧਾ ਕੀਤਾ ਗਿਆ ਹੈ | ਪਹਿਲਾਂ ਸਬ ਠੇਕਿਆਂ ਦੀ ਫ਼ੀਸ 2 ਲੱਖ ਸੀ ਤੇ ਹੁਣ 3.50 ਲੱਖ ਰੁਪਏ ਤੇ ਪੇਂਡੂ ਖੇਤਰ ਵਿਚ 60 ਹਜ਼ਾਰ ਅਤੇ ਕਮੇਟੀਆਂ ਵਿਚ ਇਸ ਸਬ ਠੇਕੇ ਦੀ ਫ਼ੀਸ 1.25 ਲੱਖ ਰੁਪਏ ਹੋਵੇਗੀ | ਇਸ ਤੋਂ ਇਲਾਵਾ ਮਾਡਲ ਸ਼ਾਪ ਦੀ ਲਾਇਸੈਂਸ ਫ਼ੀਸ 2 ਲੱਖ ਰੁਪਏ ਤੋਂ ਵਧਾ ਕੇ 3.50 ਲੱਖ ਰੁਪਏ ਕੀਤੀ ਗਈ ਹੈ |