ਲੁਧਿਆਣਾ, 25 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਵੱਲ ਅੰਦਰ ਪੈਂਦੇ ਇਲਾਕੇ ਲਕਸ਼ਮੀ ਨਗਰ ਵਿਚ ਬੀਤੀ ਰਾਤ ਫਾਇਨਾਂਸਰ ਦੇ ਘਰ ਗੋਲੀ ਚੱਲਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਪੁਲਿਸ ਨੇ ਫਾਇਨਾਂਸਰ ਸਮੇਤ ਪੰਜ ਨੌਜਵਾਨਾਂ ਖ਼ਿਲਾਫ਼ ਹੱਤਿਆ ਦਾ ਮੁਕਦਮਾ ਦਰਜ ਕੀਤਾ ਹੈ | ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਦੇ ਪਿਤਾ ਮਨੋਜ ਕੁਮਾਰ ਪੁੱਤਰ ਚੋਖੇ ਲਾਲ ਵਾਸੀ ਚੰਦਰ ਨਗਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਗਈ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੇ ਲੜਕੇ ਪੰਕਜ ਕੁਮਾਰ ਦਾ ਵਰੁਣ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਲਕਸ਼ਮੀ ਨਗਰ ਹੈਬੋਵਾਲ ਦੇ ਘਰ ਆਉਣਾ-ਜਾਣਾ ਸੀ | ਬੀਤੀ ਰਾਤ ਮੁਹੱਲੇ ਵਿਚ ਰਹਿਣ ਵਾਲੇ ਵਿਨਾਇਕ ਜੈਨ ਨਾਮੀ ਲੜਕੇ ਦਾ ਉਸ ਨੂੰ ਫੋਨ ਆਇਆ ਕਿ ਪੰਕਜ ਨੂੰ ਗੰਭੀਰ ਹਾਲਤ ਵਿਚ ਦਿਆਨੰਦ ਹਸਪਤਾਲ ਲਿਆਂਦਾ ਗਿਆ ਹੈ, ਜਦੋਂ ਉਹ ਉਥੇ ਪਹੁੰਚਿਆ ਤਾਂ ਪੰਕਜ ਦੀ ਗੋਲੀ ਲੱਗਣ ਕਾਰਨ ਮੌਤ ਹੋ ਚੁੱਕੀ ਸੀ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਪੁਲਿਸ ਵਲੋਂ ਇਸ ਮਾਮਲੇ ਵਿਚ ਵਰੁਣ, ਕੈਫ, ਗੈਰੀ, ਨਿਸ਼ਾਤ ਅਤੇ ਅਵੀ ਨਾਮੀ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਵਲੋਂ ਇਸ ਮਾਮਲੇ ਵਿਚ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ |