ਨਿਊਯਾਰਕ, 25 ਫਰਵਰੀ (ਪੀ. ਟੀ. ਆਈ.)-ਅਮਰੀਕਾ ਵਿਚ ਇੱਕ 57 ਸਾਲਾ ਸਿੱਖ ਵਿਅਕਤੀ ਨੂੰ ਅਗਵਾ ਕੀਤੇ ਜਾਣ ਤੋਂ ਕੁਝ ਦਿਨਾਂ ਬਾਅਦ ਉਸਦੀ ਲਾਸ਼ ਮਿਲੀ | ਅਵਤਾਰ ਸਿੰਘ ਬਾਰੇ 17 ਫਰਵਰੀ ਨੂੰ ਲਗਭਗ 8:52 ਵਜੇ ਟ੍ਰੇਸੀ, ਕੈਲੀਫੋਰਨੀਆ ਵਿਚ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ | ਜਾਂਚ ਦੌਰਾਨ, ਨਿਗਰਾਨੀ ਫੁਟੇਜ ਵਿਚ ਇੱਕ ਚਿੱਟੀ ਐਸ.ਯੂ.ਵੀ. ਅਤੇ ਤਿੰਨ ਅਣਪਛਾਤੇ ਵਿਅਕਤੀ ਲਗਭਗ 2:30 ਵਜੇ ਅਵਤਾਰ ਸਿੰਘ ਨੂੰ ਧੱਕੇ ਨਾਲ ਗੱਡੀ 'ਚ ਬਿਠਾਉਂਦੇ ਨਜ਼ਰ ਆਏ ਸਨ | ਸੈਨ ਜੋਆਕੁਇਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਮੰਗਲਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਸਿੰਘ 20 ਫਰਵਰੀ ਨੂੰ ਲਗਭਗ 3:20 ਵਜੇ ਝੀਲ ਬੇਰੀਸਾ ਦੇ ਨੇੜੇ ਮਿ੍ਤਕ ਮਿਲਿਆ | ਅਧਿਕਾਰੀਆਂ ਨੇ ਕਿਹਾ ਕਿ ਜਾਸੂਸ ਮਾਮਲੇ ਦੀ ਜਾਂਚ ਕਰਨ ਤੇ ਇਸ ਭਿਆਨਕ ਕਾਰਵਾਈ ਲਈ ਜਿੰਮੇਵਾਰ ਲੋਕਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਹਨ | ਇੱਕ ਰਿਪੋਰਟ ਵਿਚ ਸੈਨ ਜੋਆਕੁਇਨ ਕਾਉਂਟੀ ਸ਼ੈਰਿਫ ਪੈਟਿ੍ਕ ਵਿਥਰੋ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਿੰਘ ਅਗਵਾ ਤੇ ਕਤਲ ਵਿਚ ਨਿਸ਼ਾਨਾ ਨਹੀਂ ਸੀ | ਵਿਥਰੋ ਨੇ ਕਿਹਾ ਕਿ ਅਗਵਾਕਾਰ ਕਿਸੇ ਖਾਸ ਕਾਰਨ ਕਰਕੇ ਕਿਸੇ ਹੋਰ ਵਿਅਕਤੀ ਨੂੰ ਨਿਸ਼ਾਨਾ ਬਣਾ ਰਹੇ ਸਨ ਪਰ ਅਵਤਾਰ ਸਿੰਘ ਨੂੰ ਅਗਵਾਕਾਰਾਂ ਨੇ ਭੁਲੇਖੇ ਨਾਲ ਅਗਵਾ ਕਰਕੇ ਮਾਰ ਦਿੱਤਾ | ਕੇ. ਸੀ. ਆਰ. ਏ. ਰਿਪੋਰਟ ਵਿਚ ਭਾਈਚਾਰੇ ਦੇ ਮੈਂਬਰ ਦੀਪ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਉਹ ਬਹੁਤ ਇਮਾਨਦਾਰ ਅਤੇ ਮਿਹਨਤੀ ਸੀ | ਜੋਕਿ ਉਹ ਆਪਣੀ ਪਤਨੀ ਤੇ ਤਿੰਨ ਛੋਟੇ ਬੱਚਿਆਂ ਨਾਲ ਰਹਿੰਦਾ ਸੀ | 23 ਸਾਲਾਂ ਤੱਕ, ਉਸਦੀ ਮੁੱਖ ਭੂਮਿਕਾ ਸਾਡੇ ਗੁਰਦੁਆਰੇ ਵਿਚ ਮੁੱਖ ਰਸੋਈਏ ਦੀ ਸੀ, ਪਰ ਉਹ ਸਿਰਫ਼ ਇੱਕ ਰਸੋਈਆ ਹੀ ਨਹੀਂ ਸਗੋਂ ਉਹ ਇੱਕ ਬਹੁ-ਕਾਰਜਸ਼ੀਲ ਵਿਅਕਤੀ ਸੀ |