ਅੰਮਿ੍ਤਸਰ, 25 ਫਰਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਵਲੋਂ ਜਾਰੀ ਆਦੇਸ਼ਾਂ 'ਤੇ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੇ ਸ਼ੁਰੂ ਕੀਤੇ ਗਏ ਨਵਉਸਾਰੀ ਪ੍ਰੋਜੈਕਟ ਦੇ ਚਲਦਿਆਂ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਡਸਕਾ ਦੇ ਪਿੰਡ ਚੱਕ ਫ਼ਤਿਹ ਭਿੰਡਰ 'ਚ ਮੌਜੂਦ ਯਾਦਗਾਰ ਗੁਰਦੁਆਰਾ ਗੁਰੂ ਨਾਨਕਸਰ ਸਾਹਿਬ ਦੀ ਚਲ ਰਹੀ ਉਸਾਰੀ ਦਾ ਜਾਇਜ਼ਾ ਲੈਣ ਘੱਟ ਗਿਣਤੀ ਮਾਮਲਿਆਂ ਦੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚੇ | ਉਨ੍ਹਾਂ ਨੇ ਉਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੁਰਦੁਆਰਾ ਲਗਭਗ 80 ਸਾਲਾਂ ਤੱਕ ਬੰਦ ਰਿਹਾ, ਜਿਸ ਕਾਰਨ ਇਹ ਅਣਗੌਲਿਆ ਹੋ ਗਿਆ | ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਤਿੰਨ ਸਾਲਾਂ 'ਚ ਲਹਿੰਦੇ ਪੰਜਾਬ ਦੇ ਅੰਦਰ 50 ਗੁਰਦੁਆਰਿਆਂ ਨੂੰ ਬਹਾਲ ਕੀਤਾ ਜਾਵੇਗਾ, ਜਦੋਂਕਿ ਪਹਿਲੇ ਪੜਾਅ 'ਚ 17 ਤੋਂ 18 ਗੁਰਦੁਆਰਿਆਂ ਨੂੰ ਬਹਾਲ ਕੀਤਾ ਜਾ ਰਿਹਾ ਹੈ | ਅਰੋੜਾ ਨੇ ਕਿਹਾ ਕਿ ਗੁਜਰਾਂਵਾਲਾ, ਸਿਆਲਕੋਟ ਅਤੇ ਨਾਰੋਵਾਲ ਇਤਿਹਾਸਕ ਤੌਰ 'ਤੇ ਬਹੁਤ ਮਹੱਤਵਪੂਰਨ ਜ਼ਿਲ੍ਹੇ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਇਥੇ ਲਗਭਗ 40 ਸਾਲ ਰਾਜ ਕੀਤਾ | ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ਪਾਕਿ ਦਾ ਰਿਸ਼ਤਾ ਨਹੁੰ ਅਤੇ ਮਾਸ ਵਰਗਾ ਹੈ, ਜੇਕਰ ਪਾਕਿਸਤਾਨ ਨੂੰ ਸਿੱਖ ਇਤਿਹਾਸ 'ਚੋਂ ਕੱਢ ਦਿੱਤਾ ਜਾਵੇ ਤਾਂ ਸਿੱਖ ਇਤਿਹਾਸ ਅਧੂਰਾ ਰਹਿ ਜਾਵੇਗਾ | ਉਨ੍ਹਾਂ ਦੇ ਨਾਲ ਸੱਭਿਆਚਾਰ ਅਤੇ ਵਿਰਾਸਤ ਬਾਰੇ ਸੰਸਦੀ ਕਮੇਟੀ ਦੀ ਚੇਅਰਪਰਸਨ ਸਈਦਾ ਨੋਸ਼ੀਨ ਇਫਤਿਖਾਰ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਕਮਰ-ਉਜ਼-ਜ਼ਮਾਨ, ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ, ਸਹਾਇਕ ਕਮਿਸ਼ਨਰ ਸਾਦੀਆ ਜਾਫ਼ਰ ਅਤੇ ਡਿਪਟੀ ਪ੍ਰਸ਼ਾਸਕ ਸਿਆਲਕੋਟ ਸ਼ੇਖ਼ ਆਮਿਰ ਰਹੀਮ ਵੀ ਮੌਜੂਦ ਸਨ |