ਅੰਮਿ੍ਤਸਰ, 25 ਫਰਵਰੀ (ਜਸਵੰਤ ਸਿੰਘ ਜੱਸ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਮੇਜਰ ਸਿੰਘ ਖ਼ਾਲਸਾ ਵਲੋਂ ਪਿਛਲੇ ਕੁਝ ਸਮੇਂ ਤੋਂ ਧਾਰਮਿਕ ਅਤੇ ਰਾਜਨੀਤਿਕ ਸਫਾਂ ਅੰਦਰ ਤੇਜ਼ੀ ਨਾਲ ਵਾਪਰੇ ਘਟਨਾਕ੍ਰਮ ਅਤੇ ਜਥੇਬੰਦਕ ਕਾਰਜ ਸ਼ੈਲੀ ਵਿਚ ਆਈ ਖੜੋਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫੈਡਰੇਸ਼ਨ ਦਾ ਪੁਨਰ ਗਠਨ ਕਰਦਿਆਂ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਦਾ ਗਠਨ ਕਰਨ ਦੇ ਨਾਲ-ਨਾਲ ਹੋਰ ਜਥੇਬੰਦਕ ਢਾਂਚੇ ਦਾ ਵੀ ਐਲਾਨ ਕੀਤਾ ਗਿਆ ਹੈ | ਇਸ ਸੰਬੰਧੀ ਇਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਭਾਈ ਖ਼ਾਲਸਾ ਨੇ ਦੱਸਿਆ ਕਿ ਗਠਿਤ ਕੀਤੀ ਗਈ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਵਿਚ ਭਾਈ ਹਰਜਿੰਦਰ ਸਿੰਘ ਜਿੰਦਾ ਅੰਮਿ੍ਤਸਰ, ਭਾਈ ਚਰਨਦੀਪ ਸਿੰਘ ਹੁਸ਼ਿਆਰਪੁਰ, ਭਾਈ ਮਨਜੀਤ ਸਿੰਘ ਸ੍ਰੀਨਗਰ, ਭਾਈ ਅਵਤਾਰ ਸਿੰਘ ਮਾਕਨ ਦਿੱਲੀ ਅਤੇ ਭਾਈ ਮਨਦੀਪ ਸਿੰਘ ਲੁਧਿਆਣਾ ਨੂੰ ਸ਼ਾਮਿਲ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਥੇਬੰਦੀ ਦੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਅਤੇ ਕੋਆਰਡੀਨੇਟਰ ਭਾਈ ਜਸਪਾਲ ਸਿੰਘ ਇਸਲਾਮਗੰਜ ਨੂੰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਭਾਈ ਸਰਬਜੀਤ ਸਿੰਘ ਇੰਚਾਰਜ ਮਾਝਾ ਜ਼ੋਨ, ਭਾਈ ਰਾਜਵਿੰਦਰ ਸਿੰਘ ਜ਼ੀਰਾ ਇੰਚਾਰਜ ਮਾਲਵਾ ਜ਼ੋਨ ਤੇ ਭਾਈ ਅਮਨਦੀਪ ਸਿੰਘ ਨੂੰ ਦੁਆਬਾ ਜ਼ੋਨ ਦਾ ਇੰਚਾਰਜ ਲਗਾਇਆ ਗਿਆ | ਭਾਈ ਖ਼ਾਲਸਾ ਨੇ ਕਿਹਾ ਕਿ ਫੈਡਰੇਸ਼ਨ ਵਲੋਂ ਕਾਲਜਾਂ ਅਤੇ ਸਕੂਲਾਂ ਵਿਚ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਅਤੇ ਕੌਮੀ ਹੱਕਾਂ ਲਈ ਜਾਗਰੂਕ ਕੀਤਾ ਜਾਵੇਗਾ ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਅਮੀਰ ਸਿੱਖੀ ਫ਼ਲਸਫੇ ਅਤੇ ਸਿਧਾਂਤਾਂ ਨੂੰ ਜੀਵੰਤ ਰੱਖਣ, ਪ੍ਰਫੁੱਲਤ ਕਰਨ ਲਈ ਯੋਗ ਉਪਰਾਲੇ ਵਿੱਢੇ ਜਾਣਗੇ |