ਸ੍ਰੀ ਅਨੰਦਪੁਰ ਸਾਹਿਬ, 25 ਫਰਵਰੀ (ਜੇ. ਐਸ. ਨਿੱਕੂਵਾਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨਾਲ ਜੋੜਨ ਵਾਲੀ ਰੇਲ ਗੱਡੀ 1 ਮਾਰਚ ਨੂੰ ਮੁੜ ਸ਼ੁਰੂ ਹੋ ਜਾਵੇਗੀ | ਇਸ ਉਪਰਾਲੇ ਲਈ ਸ਼ਹਿਰ ਵਾਸੀਆਂ ਨੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ | ਪਿੰਡ ਲੋਦੀਪੁਰ ਦੇ ਰਹਿਣ ਵਾਲੇ ਨਛੱਤਰ ਸਿੰਘ ਰੰਧਾਵਾ, ਠਾਕੁਰ ਜਰਨੈਲ ਸਿੰਘ, ਗੁਰਮੇਲ ਸਿੰਘ ਚੱਠਾ ਅਤੇ ਰਾਜਪਾਲ ਆਂਗਰਾ ਨੇ ਦੱਸਿਆ ਕਿ ਇਹ ਸਵਾਰੀ ਰੇਲ ਗੱਡੀ ਸਰਦੀਆਂ ਦੇ ਮੌਸਮ ਵਿਚ ਬੰਦ ਹੋ ਗਈ ਸੀ, ਜਿਸ ਕਾਰਨ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਉਨ੍ਹਾਂ ਦੱਸਿਆ ਕਿ ਇਸ ਰੇਲ ਗੱਡੀ ਨੂੰ ਚਲਾਉਣ ਲਈ ਸ਼ਹਿਰ ਵਾਸੀਆਂ ਦਾ ਇਕ ਵਫ਼ਦ ਨੌਜਵਾਨ ਆਗੂ ਜੁਗਰਾਜ ਸਿੰਘ ਸੈਣੀ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਿਲਿਆ ਸੀ | ਉਨ੍ਹਾਂ ਇਲਾਕੇ ਦੇ ਲੋਕਾਂ ਦੀ ਮੰਗ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਤੱਕ ਪਹੁੰਚਾਈ, ਜਿਸ ਤੋਂ ਬਾਅਦ ਇਸ ਰੇਲ ਗੱਡੀ ਨੂੰ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ | ਉਨ੍ਹਾਂ ਨਾਲ ਹੀ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਇਸ ਗੱਡੀ ਨੂੰ ਬੰਦ ਨਾ ਕੀਤਾ ਜਾਵੇ ਅਤੇ ਲਗਾਤਾਰ ਚਲਾਇਆ ਜਾਵੇ |