ਸੰਗਰੂਰ, 25 ਫਰਵਰੀ (ਸੁਖਵਿੰਦਰ ਸਿੰਘ ਫੁੱਲ)-ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ 3 ਮਾਰਚ ਨੰੂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਜਾ ਰਹੀ ਕਾਨਫ਼ਰੰਸ ਤੋਂ ਸਪਸ਼ਟ ਹੋ ਜਾਵੇਗਾ ਕਿ ਲੋਕ ਇਸ ਪਾਰਟੀ ਨਾਲ ਹਨ | ਇਥੇ 'ਅਜੀਤ' ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਇੱਕਮੁੱਠ ਹੈ | ਥੋੜ੍ਹੇ ਬਹੁਤ ਮਤਭੇਦ ਹੋਣੇ ਆਮ ਲੱਗ ਹੁੰਦੀ ਹੈ ਪਰ ਜੇ ਹਨ ਤਾਂ ਉਹ ਸੁਲਝਾਅ ਲਏ ਜਾਣਗੇ | ਜਦ ਉਨ੍ਹਾਂ ਨੰੂ ਪਾਰਟੀ ਦੇ ਦੋ ਸੀਨੀਅਰ ਆਗੂਆਂ ਵਿਚਕਾਰ ਪੈਦਾ ਹੋਏ ਮਨਭੇਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਨਭੇਦ ਨਹੀਂ, ਮਤਭੇਦ ਹੋ ਸਕਦੇ ਹਨ ਅਤੇ ਉਹ ਆਪਸੀ ਮੀਟਿੰਗ ਨਾਲ ਦੂਰ ਹੋ ਜਾਣਗੇ | ਇਹ ਪੁੱਛੇ ਜਾਣ 'ਤੇ ਕਿ ਬਿਕਰਮ ਸਿੰਘ ਮਜੀਠੀਆ ਵਲੋਂ ਸੁਰਜੀਤ ਸਿੰਘ ਰੱਖੜਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਕੀਤੀ ਮੁਲਾਕਾਤ ਪਿੱਛੋਂ ਜੇ ਮਜੀਠੀਆ ਉਨ੍ਹਾਂ (ਪਰਮਿੰਦਰ ਸਿੰਘ ਢੀਂਡਸਾ) ਨੰੂ ਮਿਲਣ ਆਉਂਦੇ ਹਨ ਤਾਂ ਉਨ੍ਹਾਂ ਕਿਹਾ ਕਿ ਮਜੀਠੀਆ ਵਲੋਂ ਰੱਖੜਾ ਅਤੇ ਚੰਦੂਮਾਜਰਾ ਨਾਲ ਕੋਈ ਮਿੱਥ ਕੇ ਮੁਲਾਕਾਤ ਨਹੀਂ ਕੀਤੀ ਗਈ, ਸਗੋਂ ਇਹ ਅਦਾਲਤ ਵਿਚ ਪੇਸ਼ੀ ਦੌਰਾਨ ਅਚਾਨਕ ਮਿਲਣੀ ਸੀ | ਇਸੇ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਕਿਹਾ ਹੈ ਕਿ ਪਾਰਟੀ ਵਿਚ ਕੋਈ ਵਖਰੇਵਾ ਨਹੀਂ ਹੈ, ਸਗੋਂ ਸਾਰੇ ਇੱਕਜੁੱਟ ਹਨ | 3 ਮਾਰਚ ਨੰੂ ਪਾਰਟੀ ਵਲੋਂ 'ਵਿਜ਼ਨ ਡਾਕੂਮੈਂਟ' ਜਾਰੀ ਕੀਤੇ ਜਾਣ ਲਈ ਸ੍ਰੀ ਅਨੰਦਪੁਰ ਸਾਹਿਬ ਬੁਲਾਈ ਕਾਨਫ਼ਰੰਸ ਤੋਂ ਸਾਰੀ ਸਥਿਤੀ ਸਪਸ਼ਟ ਹੋ ਜਾਵੇਗੀ |