ਤਰਨ ਤਾਰਨ, 26 ਫਰਵਰੀ (ਹਰਿੰਦਰ ਸਿੰਘ)-18 ਫਰਵਰੀ ਨੂੰ ਤਰਨ ਤਾਰਨ ਦੇ ਨਜ਼ਦੀਕ ਪੈਂਦੇ ਸਿੱਧੂ ਫਾਰਮ ਵਿਚ ਵਿਆਹ ਸਮਾਗਮ ਵਿਚ ਪਿੰਡ ਠੱਠੀਆ ਮਹੰਤਾਂ ਦੇ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਇਸ ਮਾਮਲੇ 'ਚ ਤਰਨ ਤਾਰਨ ਪੁਲਿਸ 2 ਮੁੱਖ ਮੁਲਜ਼ਮਾਂ ਸਮੇਤ 5 ਹੋਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ ਅਤੇ ਬੀਤੇ ਦਿਨ ਸ਼ੂਟਰਾਂ ਦੇ ਖਾਤੇ ਵਿਚ ਪੈਸੇ ਪਾਉਣ ਵਾਲੇ ਸੁਖਬੀਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਜਹਾਂਗੀਰ ਨੂੰ ਰਾਜਾਸਾਂਸੀ ਹਵਾਈ ਅੱਡੇ ਤੋਂ ਗਿ੍ਫ਼ਤਾਰ ਕਰ ਲਿਆ | ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਸਰਹਾਲੀ ਵਿਖੇ ਕਤਲ, ਅਸਲਾ ਐਕਟ ਅਤੇ ਹੋਰਨਾਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ | ਉਨ੍ਹਾਂ ਕਿਹਾ ਕਿ ਤਰਨ ਤਾਰਨ ਪੁਲਿਸ, ਏ.ਜੀ.ਟੀ.ਐੱਫ. ਦੀਆਂ ਸਾਂਝੀਆਂ ਟੀਮਾਂ ਬਣਾ ਕੇ ਇਸ ਹੱਤਿਆ ਵਿਚ ਸ਼ਾਮਿਲ ਕੁੱਲ 7 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚ 4 ਮੁਲਜ਼ਮ ਪੁਲਿਸ ਨਾਲ ਗੋਲੀਬਾਰੀ ਦੌਰਾਨ ਜ਼ਖ਼ਮੀ ਹੋ ਗਏ ਹਨ, ਜੋ ਕਿ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਜਿਨ੍ਹਾਂ ਕੋਲੋਂ 4 ਪਿਸਟਲ ਅਤੇ 2 ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕੀਤੇ ਗਏ ਸਨ | ਐੱਸ.ਐੱਸ.ਪੀ. ਨੇ ਦੱਸਿਆ ਕਿ 25 ਫਰਵਰੀ ਨੂੰ ਪੁਲਿਸ ਟੀਮਾਂ ਨੇ ਸ਼ੂਟਰਾਂ ਦੇ ਖਾਤੇ ਵਿਚ ਪੈਸੇ ਪਾਉਣ ਵਾਲੇ ਸੁਖਬੀਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਜਹਾਂਗੀਰ ਨੂੰ ਅੰਮਿ੍ਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਤੋਂ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਮਨਪ੍ਰੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਵਰਪਾਲ ਜ਼ਿਲ੍ਹਾ ਅੰਮਿ੍ਤਸਰ ਜੋ ਕਿ ਮੁੱਖ ਸ਼ੂਟਰ ਅਤੇ ਗੁਰਦੇਵ ਸਿੰਘ ਉਰਫ ਬਾਬਾ ਪੁੱਤਰ ਮੰਗਲ ਸਿੰਘ ਵਾਸੀ ਖਡੂਰ ਸਾਹਿਬ ਮੁੁੱਖ ਸ਼ੂਟਰ ਹਨ, ਜਿਨ੍ਹਾਂ ਦੀ ਗਿ੍ਫ਼ਤਾਰੀ ਬਾਕੀ ਹੈ | ਐੱਸ.ਐੱਸ.ਪੀ. ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਸੁਖਬੀਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ | ਇਸ ਮੌਕੇ ਐੱਸ.ਪੀ. (ਡੀ) ਰਿਪੁਤਪਨ ਸਿੰਘ ਵੀ ਮੌਜੂਦ ਸਨ |