* ਪਾਸਪੋਰਟ ਦਫ਼ਤਰਾਂ ਤੇ ਡਾਕ-ਘਰਾਂ ਨੂੰ ਉਡਾਉਣ ਬਾਰੇ ਈ-ਮੇਲ * ਡੇਢ ਘੰਟੇ ਦੀ ਤਲਾਸ਼ੀ ਬਾਅਦ ਕੁਝ ਸ਼ੱਕੀ ਨਾ ਮਿਲਿਆ
ਚੰਡੀਗੜ੍ਹ/ਪਟਿਆਲਾ, 2 ਮਾਰਚ (ਕਪਿਲ ਵਧਵਾ/ਮਨਦੀਪ ਸਿੰਘ ਖਰੌੜ)-ਚੰਡੀਗੜ੍ਹ ਤੇ ਪਟਿਆਲਾ ਸ਼ਹਿਰ 'ਚ ਇਕ ਵਾਰ ਫਿਰ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਸਾਹਮਣੇ ਆਈ ਹੈ | ਸਥਾਨਕ ਪਾਸਪੋਰਟ ਦਫ਼ਤਰ ਅਤੇ ਡਾਕ-ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲਣ ਨਾਲ ਸੋਮਵਾਰ ਦੁਪਹਿਰ ਹੜਕੰਪ ਮਚ ਗਿਆ | ਈ-ਮੇਲ ਵਿਚ 12 ਜ਼ਹਿਰੀਲੇ ਗੈਸ ਬੰਬ ਧਮਾਕਿਆਂ ਦੀ ਗੱਲ ਕਹੀ ਗਈ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਈ-ਮੇਲ ਐਤਵਾਰ ਰਾਤ 11:46 ਵਜੇ ਪ੍ਰਾਪਤ ਹੋਈ, ਜੋ ਆਰਨਾ ਅਸ਼ਵਿਨ ਸ਼ੇਖਰ ਨਾਮ ਦੇ ਆਊਟਲੁੱਕ ਦੇ ਈ-ਮੇਲ ਪਤੇ ਤੋਂ ਪ੍ਰਾਪਤ ਹੋਈ ਦੱਸੀ ਗਈ ਹੈ | ਈ-ਮੇਲ ਵਿਚ ਆਪਣੇ ਆਪ ਨੂੰ 'ਆਰਨਾ ਅਸ਼ਵਿਨ ਸ਼ੇਖਰ' ਦੱਸਦੇ ਹੋਏ ਲਿਖਣ ਵਾਲੇ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਪਾਸਪੋਰਟ/ਪੋਸਟ ਆਫ਼ਿਸਾਂ ਵਿਚ 12 ਜ਼ਹਿਰੀਲੇ ਗੈਸ ਬੰਬ ਧਮਾਕੇ ਕੀਤੇ ਜਾਣਗੇ | ਈ-ਮੇਲ ਦੇ ਵਿਸ਼ੇ ਵਿਚ ਇਹ ਵੀ ਦਾਅਵਾ ਕੀਤਾ ਗਿਆ ਕਿ 'ਉਦਯਨਿਧੀ' ਨਾਮ ਦੇ ਵਿਅਕਤੀ ਵਲੋਂ ਦੁਰਵਿਵਹਾਰ ਕੀਤਾ ਗਿਆ ਹੈ ਤੇ ਚੇਨਈ ਪੁਲਿਸ ਉਸ ਦੀ ਐਫ.ਆਈ.ਆਰ. ਦਰਜ ਨਹੀਂ ਕਰ ਰਹੀ | ਦੁਪਹਿਰ 12:02 ਵਜੇ ਪੁਲਿਸ ਨੂੰ ਜਾਣਕਾਰੀ ਮਿਲਦਿਆਂ ਹੀ ਸਾਰੇ ਸੰਬੰਧਿਤ ਦਫ਼ਤਰ ਖ਼ਾਲੀ ਕਰਵਾ ਦਿੱਤੇ ਗਏ ਅਤੇ ਸਖ਼ਤ ਸੁਰੱਖਿਆ ਘੇਰਾ ਬਣਾਇਆ ਗਿਆ | ਪਟਿਆਲਾ ਤੋਂ ਡੀ.ਐਸ.ਪੀ. ਸਤਨਾਮ ਸਿੰਘ ਸੰਘਾ ਅਤੇ ਸੈਕਟਰ 34 ਸਥਿਤ ਪੁਲਿਸ ਸਟੇਸ਼ਨ ਦੇ ਐਸ. ਐਚ. ਓ. ਇੰਸਪੈਕਟਰ ਸਤਿੰਦਰ ਸਿੰਘ ਨੇ ਵੱਖਰੇ ਤੌਰ 'ਤੇ ਦੱਸਿਆ ਕਿ ਪਾਸਪੋਰਟ ਦਫ਼ਤਰ ਅਤੇ ਸ਼ਹਿਰ ਦੇ ਡਾਕਘਰਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਤੇ ਕੋਈ ਵੀ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ |
ਤਾਮਿਲਨਾਡੂ ਪੁਲਿਸ ਤੋਂ ਔਖੇ ਵਿਅਕਤੀ ਨੇ ਭੇਜੀ ਮੇਲ
ਦੁਪਹਿਰ 12 ਵਜੇ ਦੇ ਕਰੀਬ ਪਟਿਆਲਾ ਸ਼ਹਿਰ ਦਾ ਸਹਿਮ ਵਾਲਾ ਮਾਹੌਲ ਬਣ ਗਿਆ ਜਦੋਂ ਪੁਲਿਸ ਨੂੰ ਇਕ ਅਜਿਹੀ ਈ-ਮੇਲ ਪ੍ਰਾਪਤ ਹੋਈ ਜਿਸ ਵਿਚ ਪਟਿਆਲਾ ਦੇ ਪਾਸਪੋਰਟ ਦਫਤਰ ਅਤੇ ਪੰਜਾਬ ਦੇ ਮੁੱਖ ਡਾਕਘਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ | ਇਸ ਸੰਬੰਧੀ ਡੀ.ਐਸ.ਪੀ. ਸਿਟੀ ਸਤਨਾਮ ਸਿੰਘ ਸੰਘਾ ਨੇ ਦੱਸਿਆ ਕਿ ਧਮਕੀ ਭਰੀ ਮੇਲ ਤੁਰੰਤ ਮਿਲਣ ਤੋਂ ਬਾਅਦ ਪਟਿਆਲਾ ਦੀਆਂ ਟੀਮਾਂ ਨੇ ਸਥਾਨਕ ਪਾਸਪੋਰਟ ਦਫਤਰ ਤੇ ਡਾਕਘਰ ਦੀ ਬਰੀਕੀ ਨਾਲ ਜਾਂਚ ਕੀਤੀ | ਉਨ੍ਹਾਂ ਕਿਹਾ ਕਿ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਤਾਮਿਲਨਾਡੂ ਦੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਉਥੋਂ ਦੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਖ਼ਫ਼ਾ ਹੋ ਕੇ ਉਸ ਨੇ ਇਹ ਧਮਕੀ ਭਰੀ ਮੇਲ ਪਟਿਆਲਾ ਭੇਜੀ ਹੈ | ਇਹ ਈ-ਮੇਲ ਮੁਲਜ਼ਮ ਨੇ ਕਿਸ ਕੰਪਿਊਟਰ ਜਾਂ ਮੋਬਾਇਲ ਤੋਂ ਭੇਜੀ ਹੈ ਇਸ ਸੰਬੰਧੀ ਅਜੇ ਜਾਂਚ ਚੱਲ ਰਹੀ ਹੈ | ਫਿਲਹਾਲ ਪਟਿਆਲਾ ਸ਼ਹਿਰ ਪੂਰੀ ਤਰ੍ਹਾਂ ਸੁਰੱਖਿਅਤ ਹੈ |
ਚੰਡੀਗੜ੍ਹ ਤੇ ਪਟਿਆਲਾ 'ਚ ਗੈਸ ਬੰਬ ਦੀ ਧਮਕੀ ਨਾਲ ਮਚਿਆ ਹੜਕੰਪ <br/>
ਅਜੀਤ ਡੈਸਕ
03-03-2026