ਐੱਸ. ਏ. ਐੱਸ. ਨਗਰ, 2 ਮਾਰਚ (ਕਪਿਲ ਵਧਵਾ)-ਪਟਿਆਲਾ ਦੇ ਬਹੁ-ਚਰਚਿੱਤ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਕਰਮਚਾਰੀਆਂ ਦੀਆਂ ਜ਼ਮਾਨਤ ਅਰਜ਼ੀਆਂ 'ਤੇ ਅੱਜ ਸੁਣਵਾਈ ਹੋਈ | ਹਾਲਾਂਕਿ ਕੁਝ ਦਿਨ ਪਹਿਲਾਂ ਇਨ੍ਹਾਂ ਨੂੰ 1 ਲੱਖ ਰੁ. ਦਾ ਨਿੱਜੀ ਮੁਚੱਲਕਾ ਭਰਨ 'ਤੇ ਅੰਤਰਿਮ ਜ਼ਮਾਨਤ ਦੀ ਰਾਹਤ ਦਿੱਤੀ ਗਈ ਸੀ | ਅਦਾਲਤ ਦੇ ਵਿਸ਼ੇਸ਼ ਜੱਜ ਕਰਨਵੀਰ ਸਿੰਘ ਮੱਜੂ ਵਲੋਂ ਸੀ. ਬੀ. ਆਈ. ਤੋਂ ਜਵਾਬ ਤਲਬ ਕੀਤਾ ਗਿਆ ਸੀ, ਜੋ ਕਿ ਅੱਜ ਦਾਖ਼ਲ ਕੀਤਾ ਜਾਣਾ ਸੀ | ਅੱਜ ਮੁਹਾਲੀ ਅਦਾਲਤ ਵਿਖੇ ਸੁਣਵਾਈ ਦੌਰਾਨ ਇੰਸਪੈਕਟਰ ਹੈਰੀ ਬੋਪਾਰਾਏ, ਹਰਜਿੰਦਰ ਸਿੰਘ ਢਿੱਲੋਂ ਅਤੇ ਰੌਣੀ ਸਿੰਘ ਆਪਣੇ ਵਕੀਲਾਂ ਸਮੇਤ ਪੇਸ਼ ਹੋਏ | ਸੀ. ਬੀ. ਆਈ. ਨੇ ਆਪਣੇ ਜਵਾਬ ਵਿਚ ਪੁਲਿਸ ਮੁਲਾਜ਼ਮਾਂ ਦੇ ਭੱਜਣ ਦਾ ਖਦਸ਼ਾ ਜ਼ਾਹਿਰ ਕਰਦਿਆਂ ਉਨ੍ਹਾਂ ਦੇ ਪਾਸਪੋਰਟ ਜਮਾਂ ਕਰਵਾਉਣ ਦੇ ਹੁਕਮ ਦਿੱਤੇ ਹਨ | ਅਦਾਲਤ ਨੇ ਇਸ ਮੰਗ 'ਤੇ ਵਿਚਾਰ ਕਰਦਿਆਂ ਪਾਸਪੋਰਟਾਂ ਸਮੇਤ ਪੁਲਿਸ ਵਾਲਿਆਂ ਨੂੰ ਪੰਜਾਬ ਪੁਲਿਸ ਵਲੋਂ ਦਿੱਤੇ ਗਏ ਸ਼ਨਾਖਤੀ ਕਾਰਡਾਂ ਦੀਆਂ ਕਾਪੀਆਂ ਕੇਸ ਰਿਕਾਰਡ ਵਜੋਂ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ | ਇਸ ਮਾਮਲੇ 'ਤੇ ਅਗਲੀ ਸੁਣਵਾਈ ਹੁਣ 6 ਮਾਰਚ ਨੂੰ ਹੋਵੇਗੀ |
-ਕਰਨਲ ਬਾਠ ਕੁੱਟਮਾਰ ਮਾਮਲਾ- ਸੀ. ਬੀ. ਆਈ. ਅਦਾਲਤ ਵਲੋਂ ਪੁਲਿਸ ਵਾਲਿਆਂ ਦੇ ਪਾਸਪੋਰਟ ਤੇ ਸ਼ਨਾਖ਼ਤੀ ਕਾਰਡ ਜਮ੍ਹਾਂ ਕਰਵਾਉਣ ਦੇ ਆਦੇਸ਼ <br/>
ਅਜੀਤ ਡੈਸਕ
03-03-2026