• ਗਰਮੀ ਜਲਦ ਦੇਵੇਗੀ ਦਸਤਕ • ਹੁਣ ਤੋਂ ਹੀ ਤਾਪਮਾਨ 32 ਡਿਗਰੀ ਤੋਂ ਪਾਰ
ਪਟਿਆਲਾ, 2 ਮਾਰਚ (ਧਰਮਿੰਦਰ ਸਿੰਘ ਸਿੱਧੂ)-ਸੂਬੇ 'ਚ ਦਿਨੋ-ਦਿਨ ਵਧਦੇ ਜਾ ਰਹੇ ਤਾਪਮਾਨ ਕਾਰਨ ਜਿਥੇ ਬਿਜਲੀ ਦੀ ਮੰਗ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਇਸ ਵਾਰ ਲੰਘੇ ਦੋ ਸਾਲਾ ਨਾਲੋਂ ਬਿਜਲੀ ਦੀ ਵਧ ਤੋਂ ਵਧ ਮੰਗ 3 ਹਜ਼ਾਰ ਮੈਗਾਵਾਟ ਤੋਂ ਉਪਰ ਚਲ ਰਹੀ ਹੈ | ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਇਸ ਵਾਰ ਠੰਢ 'ਚ ਘੱਟ ਮੀਂਹ ਪੈਣਾ ਹੀ ਦੇਖਣ ਨੂੰ ਮਿਲਿਆ, ਜਿਸ ਨਾਲ ਗਰਮੀ ਦਾ ਫਰਵਰੀ 'ਚ ਹੀ ਵਧ ਜਾਣਾ ਫ਼ਸਲਾਂ ਲਈ ਜ਼ਿਆਦਾ ਲਾਹੇਵੰਦ ਸਿੱਧ ਨਹੀਂ ਹੋਵੇਗਾ | ਫਰਵਰੀ ਦੇ ਪਹਿਲੇ ਤਿੰਨ ਹਫ਼ਤਿਆਂ ਦੀ ਗੱਲ ਕਰੀਏ ਤਾਂ ਰਾਤ ਅਤੇ ਸਵੇਰ ਵੇਲੇ ਮੌਸਮ ਠੰਢਾ ਰਹਿੰਦਾ ਸੀ ਅਤੇ ਦਿਨ ਵੇਲੇ ਧੁੱਪ ਰਹਿਣ ਦੇ ਬਾਵਜੂਦ ਵੀ ਤਾਪਮਾਨ 'ਚ ਵੀ ਜ਼ਿਆਦਾ ਫ਼ਰਕ ਦੇਖਣ ਨੂੰ ਨਹੀਂ ਮਿਲਦਾ ਸੀ ਪਰ ਪਿਛਲੇ ਇਕ ਹਫ਼ਤੇ ਤੋਂ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਵਧ ਤੋਂ ਵਧ ਤਾਪਮਾਨ 32 ਡਿਗਰੀ ਤੱਕ ਦੇਖਣ ਨੂੰ ਮਿਲਿਆ ਹੈ | ਇਸ ਸਮੇਂ ਫ਼ਰੀਦਕੋਟ ਸਭ ਤੋਂ ਜ਼ਿਆਦਾ ਗਰਮ 32 ਡਿਗਰੀ ਜਦੋਂ ਕਿ ਬਠਿੰਡਾ, ਚੰਡੀਗੜ੍ਹ, ਲੁਧਿਆਣਾ, ਰੂਪਨਗਰ ਅਤੇ ਪਟਿਆਲਾ 'ਚ ਤਾਪਮਾਨ 29 ਤੋਂ 31 ਡਿਗਰੀ ਤੱਕ ਰਹਿ ਰਿਹਾ ਹੈ | ਮੌਸਮ ਵਿਭਾਗ ਅਨੁਸਾਰ ਜਿਥੇ ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਵਧਣ ਦੇ ਆਸਾਰ ਹਨ ਉਥੇ ਹੀ ਇਸ ਵਾਰ ਦੇਸ਼ ਭਰ 'ਚ ਗਰਮੀ ਆਪਣੇ ਮਿਥੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਸਕਦੀ ਹੈ | ਸੂਬੇ ਦੀ ਬਿਜਲੀ ਦੀ ਮੰਗ ਦੀ ਗੱਲ ਕਰੀਏ ਤਾਂ ਇਸ ਸਮੇਂ 10353 ਮੈਗਾਵਾਟ ਬਿਜਲੀ ਦੀ ਜ਼ਿਆਦਾ ਤੋਂ ਜ਼ਿਆਦਾ ਮੰਗ ਹੈ ਜਦੋਂ ਕਿ ਅੱਜ ਦੇ ਦਿਨ ਦੀ ਇਹ ਮੰਗ 2024 'ਚ 6902 ਮੈਗਾਵਾਟ ਅਤੇ 2025 'ਚ 6983 ਮੈਗਾਵਾਟ ਰਹੀ ਸੀ | ਇਸ ਵੇਲੇ ਲੋਡ 7143 ਮੈਗਾਵਾਟ ਚਲ ਰਿਹਾ ਹੈ ਅਤੇ ਸਰਕਾਰੀ ਥਰਮਲਾਂ ਦੇ 10 ਯੂਨਿਟਾਂ 'ਚੋਂ 5 ਯੂਨਿਟ ਹੀ ਬਿਜਲੀ ਪੈਦਾ ਕਰ ਰਹੇ ਹਨ ਜਿਨ੍ਹਾਂ 'ਚੋਂ ਰੋਪੜ ਦੇ 4 ਵਿਚੋਂ 2 ਤੋਂ 291, ਲਹਿਰਾ ਮੁਹੱਬਤ ਦੇ 4 ਵਿਚੋਂ 3 ਤੋਂ 579 ਅਤੇ ਗੋਇੰਦਵਾਲ ਸਾਹਿਬ ਦੇ 2 ਵਿਚੋਂ 1 ਯੂਨਿਟ ਤੋਂ 253 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਜਦੋਂ ਕਿ ਨਿੱਜੀ ਥਰਮਲਾਂ 'ਚੋਂ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦੇ ਪੰਜੇ ਯੂਨਿਟਾਂ ਤੋਂ 3041 ਮੈਗਾਵਾਟ ਬਿਜਲੀ ਖਰੀਦੀ ਜਾ ਰਹੀ ਹੈ | ਇਸ ਵੇਲੇ ਹਾਈਡਰੋ ਦਾ ਕੁੱਲ ਉਤਪਾਦਨ ਮਿਲਾ ਕੇ 4843 ਮੈਗਾਵਾਟ ਕੁੱਲ ਬਿਜਲੀ ਸਾਰੇ ਸਰੋਤਾਂ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ |
ਸੂਬੇ 'ਚ ਵਧੇ ਤਾਪਮਾਨ ਨੇ ਪਿਛਲੇ 2 ਸਾਲਾਂ ਨਾਲੋਂ ਬਿਜਲੀ ਦੀ ਮੰਗ 3500 ਮੈਗਾਵਾਟ ਵਧਾਈ
ਅਜੀਤ ਡੈਸਕ
03-03-2026