ਐੱਸ. ਏ. ਐੱਸ. ਨਗਰ, 2 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਸਪੈਸ਼ਲ ਕਾਡਰ ਅਧਿਆਪਕ ਫ਼ਰੰਟ ਦੀ ਅਗਵਾਈ 'ਚ ਅਧਿਆਪਕਾਂ ਵਲੋਂ ਪੇ ਸਕੇਲ ਅਤੇ ਸੀ. ਐਸ. ਆਰ. ਰੂਲ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਅੱਜ ਸਥਾਨਕ ਫੇਜ਼-8 ਸਥਿਤ ਵਿੱਦਿਆ ਭਵਨ ਅੱਗੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ | ਇਸ ਦੌਰਾਨ ਮੁਹਾਲੀ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਕੋਈ ਸੁਣਵਾਈ ਨਾ ਕੀਤੇ ਜਾਣ 'ਤੇ ਅਧਿਆਪਕਾਂ ਵਲੋਂ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਦਾ ਐਲਾਨ ਕਰਦਿਆਂ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ | ਇਸ ਮੌਕੇ ਚੰਡੀਗੜ੍ਹ ਪੁਲਿਸ ਵਲੋਂ ਚੰਡੀਗੜ੍ਹ-ਮੁਹਾਲੀ ਬਾਰਡਰ 'ਤੇ ਬੈਰੀਕੇਡ ਤੇ ਕੰਡਿਆਲੀ ਤਾਰ ਲਗਾ ਕੇ ਅਧਿਆਪਕਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਧਿਆਪਕਾਂ ਵਲੋਂ ਜਿਵੇਂ ਹੀ ਚੰਡੀਗੜ੍ਹ ਪੁਲਿਸ ਵਲੋਂ ਲਗਾਏ ਗਏ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਚੰਡੀਗੜ੍ਹ ਪੁਲਿਸ ਵਲੋਂ ਜਲ ਤੋਪਾਂ ਦੀ ਮਦਦ ਨਾਲ ਅਧਿਆਪਕਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ | ਇਸ ਦੌਰਾਨ ਕਈ ਅਧਿਆਪਕਾਂ ਦੀਆਂ ਦਸਤਾਰਾਂ ਲੱਥ ਗਈਆਂ, ਜਦਕਿ ਕਈ ਮਹਿਲਾ ਅਧਿਆਪਕ ਜ਼ਖ਼ਮੀ ਹੋ ਗਈਆਂ | ਇਸ ਮੌਕੇ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਅੱਜ ਮੁਹਾਲੀ ਪ੍ਰਸ਼ਾਸਨ ਵਲੋਂ ਅਧਿਆਪਕ ਆਗੂਆਂ ਦੀ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ ਕਰਵਾਉਣ ਉਪਰੰਤ ਹੀ ਅਧਿਆਪਕਾਂ ਨੇ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕੀਤਾ |
ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਮਾਰੀਆਂ ਬੁਛਾੜਾਂ <br/>
ਅਜੀਤ ਡੈਸਕ
03-03-2026