ਐੱਸ. ਏ. ਐੱਸ. ਨਗਰ, 2 ਮਾਰਚ (ਪ੍ਰੋ. ਅਵਤਾਰ ਸਿੰਘ)-ਕੇਂਦਰ ਸਰਕਾਰ ਵਲੋਂ ਦੇਸ਼ 'ਚ ਪ੍ਰਮਾਣੂ ਊਰਜਾ ਪਲਾਂਟ ਸਥਾਪਤ ਕਰਨ ਲਈ ਸ਼ੁਰੂ ਕੀਤੀ ਗਈ ਪ੍ਰਕਿਰਿਆ ਦੇ ਹਿੱਸੇ ਵਜੋਂ ਪਟਿਆਲਾ ਵਿਖੇ ਪ੍ਰਮਾਣੂ ਬਿਜਲੀ ਪਲਾਂਟ ਲਗਾਉਣ ਦੀ ਸੰਭਾਵਨਾ ਦੀ ਜਾਂਚ ਕਰਵਾਈ ਜਾਵੇਗੀ | ਇਹ ਪ੍ਰਗਟਾਵਾ ਅੱਜ ਇਥੇ 'ਪੰਜਾਬ ਲਈ ਚੁਣੌਤੀਆਂ, ਮੌਕੇ ਅਤੇ ਅਗਾਂਹਵਧੂ ਰਾਹ' ਵਿਸ਼ੇ 'ਤੇ ਕਰਵਾਏ ਗਏ ਵਿਚਾਰ-ਚਰਚਾ ਸੈਸ਼ਨ ਦੌਰਾਨ ਹਿੱਸਾ ਲੈਂਦਿਆਂ ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਕੀਤਾ | ਇਸ ਵਿਚਾਰ-ਚਰਚਾ 'ਚ ਐਮ.ਪੀ. (ਰਾਜ ਸਭਾ) ਸਤਨਾਮ ਸਿੰਘ ਸੰਧੂ, ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇ. ਬੀ. ਐੱਸ. ਸਿੱਧੂ ਸਮੇਤ ਬੁੱਧੀਜੀਵੀਆਂ, ਅਕਾਦਮਿਕ ਮਾਹਿਰਾਂ, ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ, ਨਾਮਵਰ ਨੀਤੀ ਮਾਹਿਰਾਂ, ਉਦਯੋਗਿਕ ਪ੍ਰਤੀਨਿਧੀਆਂ, ਸਟਾਰਟਅੱਪ ਸੰਸਥਾਪਕ, ਆਰਟ ਐਂਡ ਕਲਚਰ ਮਾਹਿਰਾਂ, ਵਾਤਾਵਰਨ ਮਾਹਿਰਾਂ, ਸੇਵਾ ਮੁਕਤ ਜੱਜਾਂ, ਬਾਰ ਕੌਂਸਲ ਦੇ ਮੈਂਬਰ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਹਿੱਸਾ ਲਿਆ | ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਦੀ ਇਸ ਸੈਸ਼ਨ 'ਚ ਸ਼ਮੂਲੀਅਤ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਪ੍ਰਤੀ ਪ੍ਰਧਾਨ ਮੰਤਰੀ ਦਫ਼ਤਰ ਦੀ ਗੰਭੀਰਤਾ ਅਤੇ ਡੂੰਘੀ ਚਿੰਤਾ ਨੂੰ ਸਪੱਸ਼ਟ ਰੂਪ ਨਾਲ ਦਰਸਾਉਂਦੀ ਹੈ | ਇਸ ਮੌਕੇ ਐਮ. ਪੀ. (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਸਾਲ 2000 'ਚ ਪਟਿਆਲਾ ਦੇ ਡਰੌਲੀ ਵਿਖੇ ਪ੍ਰਮਾਣੂ ਬਿਜਲੀ ਪਲਾਂਟ ਸਥਾਪਿਤ ਕਰਨ ਦਾ ਮੁੱਦਾ ਉਠਾਇਆ, ਜਿਸ 'ਤੇ ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਉਹ ਪਟਿਆਲਾ 'ਚ ਪ੍ਰਮਾਣੂ ਬਿਜਲੀ ਪਲਾਂਟ ਲਗਾਉਣ ਦੀਆਂ ਸਾਰੀਆਂ ਸ਼ਰਤਾਂ ਦੀ ਸਮੀਖਿਆ ਕਰਨਗੇ |
ਕੇਂਦਰ ਸਰਕਾਰ ਪਟਿਆਲਾ ਵਿਖੇ ਪ੍ਰਮਾਣੂ ਪਾਵਰ ਪਲਾਂਟ ਲਗਾਉਣ ਬਾਰੇ ਮੁੜ ਤੋਂ ਕਰੇਗੀ ਵਿਚਾਰ-ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ <br/>
ਅਜੀਤ ਡੈਸਕ
03-03-2026