ਅੰਮਿ੍ਤਸਰ, 3 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਪਿਛਲੇ 24 ਘੰਟਿਆਂ 'ਚ ਸੂਬਾ ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ 'ਚ ਅਫ਼ਗਾਨ ਤਾਲਿਬਾਨ ਦੇ ਹਮਲਿਆਂ ਦੇ ਜਵਾਬ 'ਚ ਕੀਤੀ ਗੋਲਾਬਾਰੀ ਦੌਰਾਲ ਘੱਟੋ-ਘੱਟ 67 ਅੱਤਵਾਦੀ ਮਾਰੇ ਗਏ ਹਨ | ਆਪ੍ਰੇਸ਼ਨ 'ਗਜ਼ਬ ਲਿਲ-ਹੱਕ' ਦੇ ਤਹਿਤ ਜਾਰੀ ਕੀਤੇ ਕਥਿਤ ਤਾਜ਼ਾ ਅੰਕੜਿਆਂ ਦਾ ਹਵਾਲਾ ਦਿੰਦਿਆਂ ਤਰਾਰ ਨੇ ਕਿਹਾ ਕਿ ਅਫ਼ਗਾਨ ਤਾਲਿਬਾਨ ਨੇ ਉੱਤਰੀ ਬਲੋਚਿਸਤਾਨ ਵਿਚ 16 ਥਾਵਾਂ 'ਤੇ ਜ਼ਮੀਨੀ ਹਮਲੇ ਕੀਤੇ | ਹਮਲਿਆਂ 'ਚ ਕਿਲ੍ਹਾ ਸੈਫੁੱਲਾ, ਨੁਸ਼ਕੀ ਅਤੇ ਚਮਨ ਜ਼ਿਲਿ੍ਹਆਂ ਨੂੰ ਨਿਸ਼ਾਨਾ ਬਣਾਇਆ ਗਿਆ | ਇਸ ਤੋਂ ਇਲਾਵਾ 25 ਥਾਵਾਂ 'ਤੇ ਪਾਕਿਸਤਾਨੀ ਫ਼ੌਜਾਂ ਵਿਰੁੱਧ ਭਾਰੀ ਗੋਲੀਬਾਰੀ ਕੀਤੀ ਗਈ | ਉਨ੍ਹਾਂ ਕਿਹਾ ਕਿ ਸਾਰੇ ਹਮਲਿਆਂ ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਦੁਆਰਾ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਗਿਆ | ਤਰਾਰ ਅਨੁਸਾਰ ਪਾਕਿਸਤਾਨ ਫ਼ੌਜ ਦੀ ਜਵਾਬੀ ਕਾਰਵਾਈ 'ਚ ਬਲੋਚਿਸਤਾਨ ਵਿਚ 27 ਅਫ਼ਗਾਨ ਤਾਲਿਬਾਨ ਕਾਰਕੁਨ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ | ਇਸ ਦੌਰਾਨ ਪਾਕਿਸਤਾਨੀ ਫ਼ੌਜ ਦਾ ਇਕ ਸਿਪਾਹੀ ਮਾਰਿਆ ਗਿਆ ਅਤੇ ਪੰਜ ਹੋਰ ਜ਼ਖਮੀ ਹੋ ਗਏ | ਸੂਚਨਾ ਮੰਤਰੀ ਨੇ ਅੱਗੇ ਖ਼ੁਲਾਸਾ ਕੀਤਾ ਕਿ ਖ਼ੈਬਰ ਪਖਤੂਨਖਵਾ 'ਚ ਇਕ ਸਥਾਨ 'ਤੇ ਅਫ਼ਗਾਨਿਸਤਾਨ ਤੋਂ ਜ਼ਮੀਨੀ ਹਮਲਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਤਾਲਿਬਾਨ ਨੇ ਸੂਬੇ 'ਚ 12 ਥਾਵਾਂ 'ਤੇ ਗੋਲੀਬਾਰੀ ਕੀਤੀ | ਇਨ੍ਹਾਂ ਸਾਰੇ ਹਮਲਿਆਂ 'ਚ 40 ਅਫ਼ਗਾਨ ਤਾਲਿਬਾਨ ਕਾਰਕੁਨ ਮਾਰੇ ਗਏ |
ਸਰਹੱਦੀ ਝੜਪਾਂ ਦੌਰਾਨ ਮਾਰੇ ਗਏ 67 ਅਫ਼ਗਾਨ ਤਾਲਿਬਾਨ-ਤਰਾਰ <br/>
ਅਜੀਤ ਡੈਸਕ
04-03-2026