ਨਵੀਂ ਦਿੱਲੀ, 3 ਮਾਰਚ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਤੋਂ ਬਾਅਦ ਦੇ ਵੈਬੀਨਾਰ 'ਚ ਆਲਮੀ ਹਾਲਾਤ 'ਚ ਭਾਰਤ ਦੀ ਮਜ਼ਬੂਤ ਸਥਿਤੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਆਲਮੀ ਅਨਿਸਚਿਤਤਾ ਦਰਮਿਆਨ ਭਾਰਤ ਦੀ ਮਜ਼ਬੂਤ ਅਰਥਵਿਵਸਥਾ ਦੁਨੀਆ ਲਈ ਉਮੀਦ ਹੈ | ਮੋਦੀ ਨੇ ਅੱਜ 'ਆਰਥਿਕ ਵਿਕਾਸ ਨੂੰ ਬਣਾਏ ਰੱਖਣ ਅਤੇ ਉਸ ਨੂੰ ਮਜ਼ਬੂਤ ਕਰਨ' ਦੇ ਵਿਸ਼ੇ 'ਤੇ ਆਧਾਰਿਤ ਇਕ ਵੈਬੀਨਾਰ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕੀਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਆਲਮੀ ਸਪਲਾਈ ਚੇਨ ਮੁੜ ਗਠਿਤ ਹੋ ਰਹੀ ਹੈ, ਅਜਿਹੇ ਸਮੇਂ 'ਚ ਭਾਰਤ ਦਾ ਤੇਜ਼ ਆਰਥਿਕ ਵਿਕਾਸ, ਵਿਕਸਿਤ ਭਾਰਤ ਦੇ ਟੀਚੇ ਦੀ ਮਜ਼ਬੂਤ ਨੀਂਹ ਹੈ | ਮੋਦੀ ਨੇ ਆਪਣੇ ਸੰਬੋਧਨ 'ਚ ਜ਼ਿਆਦਾ ਨਿਰਮਾਣ, ਜ਼ਿਆਦਾ ਉਤਪਾਦਨ, ਜ਼ਿਆਦਾ ਕੁਨੈਕਟੀਵਿਟੀ ਅਤੇ ਜ਼ਿਆਦਾ ਬਰਾਮਦ ਦੀ ਰਣਨੀਤੀ ਅਪਣਾਉਣ ਦਾ ਸੱਦਾ ਦਿੱਤਾ | ਮੋਦੀ ਨੇ ਕਿਹਾ ਕਿ ਭਾਰਤ ਨੇ ਕਈ ਦੇਸ਼ਾਂ ਦੇ ਨਾਲ ਮੁਕਤ ਵਪਾਰ ਸਮਝੌਤੇ ਕੀਤੇ ਹਨ, ਜਿਸ ਨਾਲ ਮੌਕਿਆਂ ਦਾ ਇਕ ਵੱਡਾ ਦਾਇਰਾ ਖੁੱਲਿ੍ਹਆ ਹੈ, ਅਜਿਹੇ ਸਮੇਂ 'ਚ ਉਤਪਾਦਾਂ ਦੀ ਗੁਣਵੱਤਾ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ | ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਾਣਕਾਂ ਨੂੰ ਬਣਾਏ ਰੱਖਣ ਲਈ ਭਾਰਤੀ ਉਤਪਾਦਾਂ ਦਾ ਨਾ ਸਿਰਫ਼ ਉਨ੍ਹਾਂ 'ਤੇ ਪੂਰਾ ਉਤਰਨਾ ਹੈ ਸਗੋਂ ਉਨ੍ਹਾਂ ਨੂੰ ਪਿੱਛੇ ਛੱਡਣਾ ਵੀ ਹੈ | ਉਨ੍ਹਾਂ ਹੋਰਨਾਂ ਦੇਸ਼ਾਂ ਦੀਆਂ ਜ਼ਰੂਰਤਾਂ ਅਤੇ ਉਥੋਂ ਦੇ ਖਪਤਕਾਰਾਂ ਦੀਆਂ ਉਮੀਦਾਂ ਦੀ ਪੜਚੋਲ ਕਰ ਕੇ ਉਤਪਾਦ ਵਿਕਸਿਤ ਕਰਨ ਦਾ ਹੋਕਾ ਦਿੱਤਾ ਤਾਂ ਜੋ ਮੁਕਤ ਵਪਾਰ ਸਮਝੌਤਿਆਂ ਤੋਂ ਮਿਲਣ ਵਾਲੇ ਮੌਕਿਆਂ ਦਾ ਪੂਰਾ ਫ਼ਾਇਦਾ ਚੁੱਕਿਆ ਜਾ ਸਕੇ |