ਚੋਹਲਾ ਸਾਹਿਬ, 5 ਮਾਰਚ (ਬਲਵਿੰਦਰ ਸਿੰਘ)-18 ਫਰਵਰੀ ਨੂੰ ਤਰਨ ਤਾਰਨ ਦੇ ਇਕ ਪੈਲਸ ਵਿਚ ਵਿਆਹ ਸਮਾਗਮ ਦੌਰਾਨ ਹੋਏ ਸਰਪੰਚ ਦੇ ਕਤਲ ਕੇਸ ਵਿਚ ਲੋੜੀਦੇ ਦੋ ਮੁਲਜ਼ਮਾਂ ਨੂੰ ਤਾਰਨ ਤਰਨ ਪੁਲਿਸ ਵਲੋਂ ਪਿੰਡ ਘੜਕਾ ਵਿਚ ਹੋਈ ਮੁੱਠਭੇੜ ਵਿਚ ਜ਼ਖ਼ਮੀ ਕਰਨ ਤੋਂ ਬਾਅਦ ਗਿ੍ਫ਼ਤਾਰ ਕਰ ਲਿਆ ਗਿਆ ਹੈ | ਜਿਨ੍ਹਾਂ ਪਾਸੋਂ ਇਕ ਏ.ਕੇ 47 ਰਾਈਫ਼ਲ ਸਮੇਤ ਮੈਗਜ਼ੀਨ ਅਤੇ ਪਿਸਟਲ ਬਰਾਮਦ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਪਿੰਡ ਘੜਕਾ ਵਿਖੇ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲੀ ਕਿ ਸਰਪੰਚ ਕਤਲ ਕੇਸ ਵਿਚ ਲੋੜੀਂਦੇੇ ਦੋ ਮੁੱਖ ਮੁਲਜ਼ਮ ਇਕ ਬੰਬੀ ਦੇ ਕਮਰੇ ਵਿਚ ਲੁਕੇ ਹੋਏ ਹਨ | ਜਦ ਉਨ੍ਹਾਂ ਪੁਲਿਸ ਪੁਲਿਸ ਪਾਰਟੀ ਨੂੰ ਵੇਖਿਆ ਤਾਂ ਉੱਥੋਂ ਨਿਕਲ ਕੇੇ ਉਨ੍ਹਾਂ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ | ਜਵਾਬੀ ਕਾਰਵਾਈ ਦੌਰਾਨ ਇਹ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ, ਜਿਨਾਂ ਨੂੰ ਪੁਲਿਸ ਪਾਰਟੀ ਵਲੋਂ ਤੁਰੰਤ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਦਾਖਲ ਕਰਵਾਇਆ ਗਿਆ ਹੈ | ਮੁਲਜ਼ਮਾਂ ਦੀ ਪਛਾਣ ਗੁਰਦੇਵ ਸਿੰਘ ਬਾਬਾ ਵਾਸੀ ਸ੍ਰੀ ਖਡੂਰ ਸਾਹਿਬ ਤੇ ਮਨਪ੍ਰੀਤ ਸਿੰਘ ਮੰਨਾ ਵਾਸੀ ਵਰਪਾਲ ਵਜੋਂ ਹੋਈ ਹੈ | ਐੱਸ.ਐੱਸ.ਪੀ. ਨੇ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਸਰਪੰਚ ਕਤਲ ਕਾਂਡ ਵਿਚ ਮੁੱਖ ਮੁਲਜ਼ਮ ਸਨ ਤੇ ਅੱਜ ਇਨ੍ਹਾਂ ਨੂੰ ਗਿ੍ਫਤਾਰ ਕਰਕੇ ਇਨ੍ਹਾਂ ਦੋਵਾਂ ਮੁਲਜ਼ਮਾਂ ਪਾਸੋਂ ਹਥਿਆਰ ਬਰਾਮਦ ਕੀਤੇ ਗਏ ਹਨ | ਇਸ ਮੌਕੇ ਐੱਸ.ਪੀ. (ਡੀ) ਰਿਪੁਤਪਨ ਸਿੰਘ, ਡੀ.ਐੱਸ.ਪੀ. ਗੋਇੰਦਵਾਲ ਅਤੁਲ ਸੋਨੀ ਤੇ ਹੋਰ ਮੁਲਾਜ਼ਮ ਮੌਜੂਦ ਸਨ |