ਮਮਦੋਟ, 5 ਮਾਰਚ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਕੜਮਾ ਵਿਖੇ ਬੱਚਿਆਂ ਵਿਚ ਕਬੂਤਰਬਾਜ਼ੀ ਨੂੰ ਲੈ ਕੇ ਹੋਏ ਝਗੜੇ ਨੇ ਉਸ ਵਕਤ ਖ਼ੂਨੀ ਰੂਪ ਧਾਰ ਲਿਆ, ਜਦੋਂ ਰਾਜ਼ੀਨਾਮੇ ਲਈ ਇਕੱਤਰ ਹੋਈਆਂ ਦੋਵੇਂ ਧਿਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਮੁਤਾਬਿਕ ਬੱਚਿਆਂ ਵਿਚ ਕਬੂਤਰਬਾਜ਼ੀ ਦੇ ਝਗੜੇ ਤੋਂ ਬਾਅਦ ਪਿੰਡ ਕੜਮਾ ਵਿਖੇ ਖਿਲਾਰਾ ਉਰਫ਼ ਮੁੰਨਾ ਪੁੱਤਰ ਲਾਲ ਦੇ ਘਰ ਦੋਵੇਂ ਧਿਰਾਂ ਰਾਜ਼ੀਨਾਮੇ ਲਈ ਇਕੱਤਰ ਹੋਈਆਂ ਸਨ | ਜਿੱਥੇ ਦੋਬਾਰਾ ਲੜਾਈ ਹੋਣ ਤੋਂ ਬਾਅਦ ਇਕ ਦੂਜੇ 'ਤੇ ਚਲਾਈਆਂ ਗੋਲੀਆਂ ਵਿਚ ਖਿਲਾਰਾ ਉਰਫ਼ ਮੁੰਨਾ ਪੁੱਤਰ ਲਾਲ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੰੂ ਇਲਾਜ ਲਈ ਫ਼ਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੰੂ ਮਿ੍ਤਕ ਐਲਾਨ ਦਿੱਤਾ ਗਿਆ | ਜਦਕਿ ਲੜਾਈ ਝਗੜੇ ਅਤੇ ਗੋਲੀਬਾਰੀ ਵਿਚ ਦੂਜੀ ਧਿਰ ਦੇ ਵਿਅਕਤੀ ਜੱਗੀ ਪੁੱਤਰ ਕਾਲਾ ਦੀ ਵੀ ਉੱਥੇ ਹੀ ਮੌਤ ਹੋ ਗਈ | ਘਟਨਾ ਦਾ ਪਤਾ ਚੱਲਣ ਤੋਂ ਬਾਅਦ ਥਾਣਾ ਮਮਦੋਟ ਤੋਂ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |