ਗੁਰਦਾਸਪੁਰ, 5 ਮਾਰਚ (ਚੱਕਰਾਜਾ)-ਪਿਛਲੇ ਦਿਨੀ ਪਿੰਡ ਆਦੀਆਂ ਵਿਖੇ ਪੁਲਿਸ ਚੈੱਕ ਪੋਸਟ 'ਤੇ ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਤੋਂ ਬਾਅਦ ਪੁਲਿਸ ਵਲੋਂ ਕਾਰਵਾਈ ਦੌਰਾਨ ਮਾਰੇ ਗਏ ਰਣਜੀਤ ਸਿੰਘ ਨੰੂ ਪਰਿਵਾਰ ਵਲੋਂ ਝੂਠਾ ਮੁਕਾਬਲਾ ਦੱਸਦਿਆਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ | ਹੁਣ ਹੋਏ ਪੋਸਟਮਾਰਟਮ ਤੋਂ ਬਾਅਦ ਰਣਜੀਤ ਸਿੰਘ ਦੀ ਲਾਸ਼ ਨੰੂ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਸੀ | ਪਰ ਲਾਸ਼ ਲੈਣ ਤੋਂ ਬਾਅਦ ਵੀ ਪਰਿਵਾਰ ਅਤੇ ਇਸ ਸਬੰਧੀ ਬਣੀ 11 ਮੈਂਬਰੀ ਐਕਸ਼ਨ ਕਮੇਟੀ ਵਲੋਂ ਇਹ ਕਹਿ ਕੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਜਿੰਨ੍ਹੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਤੇ ਉਨ੍ਹਾਂ ਨੰੂ ਇਨਸਾਫ਼ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਹ ਸਸਕਾਰ ਨਹੀਂ ਕਰਨਗੇ, ਚਾਹੇ ਇਸ ਲਈ ਕਿੰਨ੍ਹਾ ਸਮਾਂ ਵੀ ਇੰਤਜ਼ਾਰ ਕਿਉਂ ਨਾ ਕਰਨਾ ਪਵੇ | ਪਰਿਵਾਰ ਅਤੇ ਕਮੇਟੀ ਵਲੋਂ ਕੀਤੇ ਫ਼ੈਸਲੇ ਅਨੁਸਾਰ 9 ਮਾਰਚ ਤੱਕ ਰੋਜ਼ਾਨਾ ਪਿੰਡ ਆਦੀਆਂ ਅੰਦਰ ਧਰਨਾ ਦਿੱਤਾ ਜਾਵੇਗਾ ਅਤੇ ਜੇਕਰ ਹੋਰ ਮੰਗਾਂ ਦੇ ਨਾਲ-ਨਾਲ ਪੁਲਿਸ ਅਧਿਕਾਰੀਆਂ 'ਤੇ ਮਾਮਲਾ ਦਰਜ ਨਾ ਕੀਤਾ ਗਿਆ ਤਾਂ 9 ਮਾਰਚ ਨੰੂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫ਼ਤਰ ਮੂਹਰੇ ਵੱਡਾ ਧਰਨਾ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਕਿ ਇਸ ਮਾਮਲੇ ਨੰੂ ਲੈ ਕੇ ਮਾਣਯੋਗ ਹਾਈਕੋਰਟ ਵਲੋਂ ਵੀ ਡੀ.ਜੀ.ਪੀ. ਪੰਜਾਬ ਨੰੂ ਤਲਬ ਕਰਕੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਮੰਗੀ ਗਈ ਹੈ |