ਅੰਮਿ੍ਤਸਰ, 6 ਮਾਰਚ (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਅੱਜ ਨਾਨਕਸ਼ਾਹੀ ਸੰਮਤ 558 (ਸੰਨ 2026-27) ਦੇ ਨਵੇਂ ਵਰ੍ਹੇ ਦਾ ਕੈਲੰਡਰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਜਾਰੀ ਕੀਤਾ ਗਿਆ | ਇਸ ਵਾਰ ਦਾ ਨਾਨਕਸ਼ਾਹੀ ਕੈਲੰਡਰ ਗੁਰੂ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਅਤੇ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ | ਜਥੇਦਾਰ ਗੜਗੱਜ ਨੇ ਸਿੱਖ ਜਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖਾਂ ਦਾ ਨਵਾਂ ਵਰ੍ਹਾ 1 ਚੇਤ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਦਿਨ ਹਰ ਗੁਰਦੁਆਰਾ ਸਾਹਿਬਾਨ ਅੰਦਰ ਗੁਰਮਤਿ ਸਮਾਗਮ ਕਰਕੇ ਇਸ ਦੀ ਆਰੰਭਤਾ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣਾ ਹਰ ਸਿੱਖ ਦਾ ਫ਼ਰਜ਼ ਹੈ | ਉਨ੍ਹਾਂ ਸਿੱਖ ਜਗਤ ਨੂੰ ਨਾਨਕਸ਼ਾਹੀ ਕੈਲੰਡਰ ਹਰ ਗੁਰੂ-ਘਰ ਅਤੇ ਆਪੋ-ਆਪਣੇ ਘਰਾਂ ਵਿਚ ਲਗਾਉਣ ਦੀ ਅਪੀਲ ਕੀਤੀ | ਧਾਮੀ ਨੇ ਕਿਹਾ ਕਿ ਇਸ ਸਾਲ ਗੁਰੂ ਰਵਿਦਾਸ ਜੀ ਦਾ 650 ਸਾਲਾ ਜਨਮ ਦਿਹਾੜਾ ਅਤੇ ਸ੍ਰੀ ਕੀਰਤਪੁਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ ਕੌਮ ਵਲੋਂ ਚੜ੍ਹਦੀ ਕਲਾ ਅਤੇ ਪੰਥਕ ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ | ਉਨ੍ਹਾਂ ਨੇ ਸ਼ਹੀਦ ਭਾਈ ਤਾਰਾ ਸਿੰਘ ਵਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ 11 ਤੋਂ 14 ਮਾਰਚ ਤੱਕ ਪਿੰਡ ਵਾਂ, ਜ਼ਿਲ੍ਹਾ ਤਰਨ ਤਾਰਨ ਵਿਖੇ ਸ਼ਤਾਬਦੀ ਸਮਾਗਮ ਹੋਣਗੇ | ਉਨ੍ਹਾਂ ਸੰਗਤਾਂ ਨੂੰ ਨਾਨਕਸ਼ਾਹੀ ਸੰਮਤ 558 ਦੀ ਆਰੰਭਤਾ ਮੌਕੇ 13 ਮਾਰਚ ਦੀ ਰਾਤ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋ ਰਹੇ ਗੁਰਮਤਿ ਸਮਾਗਮ ਵਿਚ ਪੁੱਜਣ ਲਈ ਵੀ ਕਿਹਾ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤਿ੍ੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਮੇਜਰ ਸਿੰਘ ਢਿੱਲੋਂ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਫੁੰਮਣ ਸਿੰਘ, ਭਾਈ ਅਜੈਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਹਰਪਾਲ ਸਿੰਘ ਜੱਲ੍ਹਾ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਪ੍ਰਧਾਨ ਸ਼੍ਰੋਮਣੀ ਕਮੇਟੀ ਸ਼ਾਹਬਾਜ਼ ਸਿੰਘ, ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਹਰਭਜਨ ਸਿੰਘ ਵਕਤਾ, ਮਨਜੀਤ ਸਿੰਘ ਤਲਵੰਡੀ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੈਨੇਜਰ ਜਸਪਾਲ ਸਿੰਘ ਢੱਡੇ, ਵਧੀਕ ਮੈਨੇਜਰ ਗੁਰਵਿੰਦਰ ਸਿੰਘ ਦੇਵੀਦਾਸਪੁਰਾ, ਇੰਚਾਰਜ ਰਾਜਵਿੰਦਰ ਸਿੰਘ ਜੋਗਾ, ਬਗੀਚਾ ਸਿੰਘ ਤੇ ਮਲਕੀਤ ਸਿੰਘ ਆਦਿ ਹਾਜ਼ਰ ਸਨ |