ਜਲੰਧਰ, 7 ਮਾਰਚ (ਸ਼ਿਵ)-ਤੇਲ ਦੀ ਸਪਲਾਈ ਲਈ ਪੇਸ਼ਗੀ ਅਦਾਇਗੀ ਕਰਨ ਬਾਰੇ ਪੈਟਰੋਲ ਡੀਲਰਾਂ ਤੇ ਤੇਲ ਕੰਪਨੀਆਂ ਵਿਚਕਾਰ ਜਿਹੜਾ ਰੇੜਕਾ ਪੈ ਗਿਆ ਸੀ, ਉਹ ਅੱਜ ਪੰਜਾਬ ਸਰਕਾਰ ਦੇਦਖ਼ਲਤੋਂ ਬਾਅਦ ਖ਼ਤਮ ਹੋ ਗਿਆ | ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਅੱਜ ਤੇਲ ਕੰਪਨੀਆਂ ਨੂੰ ਇੱਕ ਚਿੱਠੀ ਲਿਖ ਕੇ ਉਨ੍ਹਾਂ ਵਲੋਂ ਤੇਲ ਸਪਲਾਈ ਲਈ ਪੇਸ਼ਗੀ ਰਕਮ ਮੰਗਣ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਮੰਗ ਕੀਤੀ ਸੀ ਕਿ ਤੇਲ ਸਪਲਾਈ ਲਈ ਪੇਸ਼ਗੀ ਰਕਮ ਜਮਾਂ ਕਰਵਾਉਣ ਵਾਲਾ ਇਹ ਫ਼ੈਸਲਾ ਲਾਗੂ ਕੀਤਾ ਗਿਆ ਤਾਂ ਇਸ ਨਾਲ ਕਈ ਪੈਟਰੋਲ ਪੰਪਾਂ ਵਿਚ ਸੋਕਾ ਪੈਣ ਨਾਲ ਤੇਲ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ | ਉਨ੍ਹਾਂ ਨੇ ਇਸ ਬਾਰੇ ਤੇਲ ਕੰਪਨੀਆਂ ਨੂੰ ਚਿੱਠੀ ਲਿਖਣ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ ਵਿਚ ਚਿੱਠੀ ਲਿਖ ਕੇ ਦਖ਼ਲ ਦੇਣ ਦੀ ਮੰਗ ਕੀਤੀ ਸੀ | ਇਸ ਮਾਮਲੇ ਬਾਰੇ ਪੈਟਰੋਲ ਪੰਪ ਡੀਲਰਾਂ ਨੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪਿ੍ੰਸੀਪਲ ਸਕੱਤਰ ਸਮੇਤ ਹੋਰ ਅਧਿਕਾਰੀਆਂ ਨੂੰ ਜਾਣੰੂ ਕਰਵਾਇਆ ਸੀ | ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਬੁਲਾਰੇ ਮੌਂਟੀ ਸਹਿਗਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੇ ਧਿਆਨ ਵਿਚ ਜਦੋਂ ਇਹ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਵਲੋਂ ਪਿ੍ੰਸੀਪਲ ਸਕੱਤਰ ਅਤੇ ਜੁਆਇੰਟ ਡਾਇਰੈਕਟਰ ਨੂੰ ਭਰੋਸਾ ਦਿੱਤਾ ਗਿਆ ਕਿ ਪੈਟਰੋਲ ਪੰਪ ਡੀਲਰਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਤੇਲ ਸਪਲਾਈ ਕੀਤੀ ਜਾਵੇਗੀ ਤੇ ਉਨ੍ਹਾਂਕੋਲ ਪੇਸ਼ਗੀ ਰਕਮ ਲੈਣ ਬਾਰੇ ਕਿਸੇ ਤਰਾਂ ਦਾ ਫ਼ੈਸਲਾ ਲਾਗੂ ਨਹੀਂ ਕੀਤਾ ਜਾਵੇਗਾ | ਸ੍ਰੀ ਮੌਂਟੀ ਸਹਿਗਲ ਨੇ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਤੇਲ ਕੰਪਨੀਆਂ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ |