ਚੰਡੀਗੜ੍ਹ, 8 ਮਾਰਚ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ | ਇੰਡੀਆ ਇੰਟਰਨੈਸ਼ਨਲ ਡਿਸਪਿਊਟ ਵੀਕ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੁਨੀਆ ਭਰ ਤੋਂ ਪੰਜਾਬ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਉੱਘੇ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਇਸ ਵਫ਼ਦ ਵਿਚ ਉੱਘੇ ਕਾਨੂੰਨੀ ਵਿਦਵਾਨ, ਕਾਨੂੰਨੀ ਸੰਸਥਾਵਾਂ ਦੇ ਮੁਖੀ, ਵਕੀਲ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਸ਼ਾਮਿਲ ਹਨ | ਭਗਵੰਤ ਮਾਨ ਨੇ ਵਿਸ਼ਵ ਭਰ ਤੋਂ ਕਾਨੂੰਨੀ ਮਾਹਿਰਾਂ ਨੂੰ ਇੱਕ ਮੰਚ 'ਤੇ ਇਕੱਠੇ ਕਰਨ ਲਈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਚੁਣਨ ਵਾਸਤੇ ਇੰਡੀਆ ਇੰਟਰਨੈਸ਼ਨਲ ਡਿਸਪਿਊਟ ਵੀਕ-2026 ਦੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਸ ਵਫ਼ਦ ਵਿਚ ਅਮਰੀਕਾ, ਯੂ.ਕੇ., ਕੈਨੇਡਾ ਅਤੇ ਸਿੰਗਾਪੁਰ ਤੋਂ ਸਿੱਖ ਵਕੀਲ, ਜੱਜ ਅਤੇ ਹੋਰ ਉੱਘੀਆਂ ਸਿੱਖ ਸ਼ਖਸੀਅਤਾਂ ਸ਼ਾਮਿਲ ਹਨ, ਜੋ ਆਪਣੇ ਪੁਰਖਿਆਂ ਦੀ ਪਵਿੱਤਰ ਧਰਤੀ 'ਤੇ ਬਹੁੜੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਇੰਡੀਆ ਇੰਟਰਨੈਸ਼ਨਲ ਡਿਸਪਿਊਟਸ ਵੀਕ ਇੱਕ ਅਜਿਹਾ ਮੰਚ ਹੈ ਜੋ ਦੁਨੀਆ ਭਰ ਦੇ ਜੱਜਾਂ, ਸੀਨੀਅਰ ਵਕੀਲਾਂ, ਕਾਨੂੰਨੀ ਫਰਮਾਂ, ਨੌਜਵਾਨ ਵਕੀਲਾਂ, ਬੁੱਧੀਜੀਵੀਆਂ ਅਤੇ ਸੰਸਥਾਵਾਂ ਨੂੰ ਇਕੱਠਾ ਕਰਦਾ ਹੈ | ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਅਮਨ ਅਰੋੜਾ, ਹਰਭਜਨ ਸਿੰਘ ਈ.ਟੀ.ਓ., ਡਾ. ਬਲਬੀਰ ਸਿੰਘ, ਡਾ. ਰਵਜੋਤ, ਗੁਰਮੀਤ ਸਿੰਘ ਖੁੱਡੀਆਂ , ਬਰਿੰਦਰ ਗੋਇਲ ਅਤੇ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਮੌਜੂਦ ਸਨ |