ਰਾਹੋਂ, 8 ਮਾਰਚ (ਉਂਕਾਰ ਸਿੰਘ ਰਾਠੋਰ)-ਰਾਹੋਂ ਪੁਲਿਸ ਵਲੋਂ ਬੀਤੇ ਕੱਲਹੈਰੋਇਨ ਦਾ ਸੇਵਨ ਕਰਦੇ ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਐੱਸ.ਐੱਚ.ਓ. ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਪੁਲਿਸ ਪਾਰਟੀ ਜਦੋਂ ਗਸ਼ਤ ਕਰਦੀ ਹੋਈ ਥਾਣਾ ਰਾਹੋਂ ਤੋਂ ਨਵਾਂਸ਼ਹਿਰ ਰੋਡ ਤੋਂ ਹੁੰਦੇ ਹੋਏ ਪਿੰਡ ਛੋਕਰਾਂ ਸਾਈਡ ਨੂੰ ਜਾ ਰਹੇ ਸੀ ਤਾਂ ਪਿੰਡ ਛੋਕਰਾਂ ਤੋਂ ਥੋੜਾ ਪਿੱਛੇ ਇੱਟਾਂ ਦੇ ਭੱਠੇ ਕੋਲ ਬੇ-ਆਬਾਦ ਜਗ੍ਹਾ ਕੋਲ ਇਕ ਨੌਜਵਾਨ ਹੈਰੋਇਨ ਦਾ ਸੇਵਨ ਕਰਦਾ ਦਿਖਾਈ ਦਿੱਤਾ | ਉਸ ਨੂੰ ਫੜ੍ਹਨ ਉਪਰੰਤ ਉਸ ਕੋਲੋਂ ਸਿਲਵਰ ਪੇਪਰ, ਲਾਈਟਰ, ਮਰੋੜਿਆ ਹੋਇਆ 10 ਰੁਪਏ ਦਾ ਨੋਟ, ਖਾਲੀ ਪਾਣੀ ਦੀ ਬੋਤਲ ਆਦਿ ਬਰਾਮਦ ਹੋਈ | ਪੁਲਿਸ ਪਾਰਟੀ ਵਲੋਂ ਉਸ ਨੂੰ ਮੌਕੇ 'ਤੇ ਕਾਬੂ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ, ਥਾਣਾ ਮੁਖੀ ਨੇ ਆਖਿਆ ਕਿ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਉਸਦੀ ਪਹਿਚਾਣ ਜਾਨਪਾਲ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਕਿਰਪਾਲ ਸਾਗਰ ਦਰਿਆਪੁਰ ਹਾਲ ਵਾਸੀ ਰੌਂਤਾ ਮੁਹੱਲਾ ਰਾਹੋਂ ਵਜੋਂ ਹੋਈ ਹੈ | ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛ-ਗਿੱਛ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ | ਇਸ ਮੌਕੇ ਐੱਸ.ਐੱਚ.ਓ. ਵਰਿੰਦਰ ਕੁਮਾਰ ਨਾਲ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ |