ਪੁਲਿਸ ਨੇ ਬੱਸ ਰਾਹੀਂ ਵਿਦਿਆਰਥੀਆਂ ਨੂੰ ਚੁੱਕ ਕੇ ਸਥਾਨ ਤੋਂ ਖਦੇੜਿਆ
ਚੰਡੀਗੜ੍ਹ, 9 ਮਾਰਚ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਤੇ ਫ਼ਲਸਫੇ ਨੂੰ ਸਮਰਪਿਤ ਇਕ ਪ੍ਰੋਗਰਾਮ ਵਿਚ ਬੀ.ਜੇ.ਪੀ. ਆਗੂ ਇੱਕਬਾਲ ਸਿੰਘ ਲਾਲਪੁਰਾ ਅਤੇ ਆਰ.ਐਸ.ਐਸ. ਆਗੂ ਬਨਵੀਰ ਸਿੰਘ ਨੂੰ ਮੁੱਖ ਬੁਲਾਰੇ ਵਜੋਂ ਬੋਲਣ ਲਈ ਸੱਦਾ ਦੇਣ 'ਤੇ ਪੰਜਾਬ ਯੂਨੀਵਰਸਿਟੀ ਵਿਚ ਵਿਵਾਦ ਛਿੜ ਗਿਆ | ਯੂਨੀਵਰਸਿਟੀ ਦੀਆਂ ਵਿਦਿਆਰਥੀ ਸੰਗਠਨਾਂ ਨੇ ਇਕ ਦਿਨ ਪਹਿਲਾਂ ਹੀ ਸਮਾਗਮ ਵਿਚ ਪੁੱਜਣ ਵਾਲੇ ਆਗੂਆਂ ਦਾ ਵਿਰੋਧ ਕਰਨ ਬਾਰੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਸਨ | ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖ ਇਤਿਹਾਸਕਾਰ ਅਤੇ ਵਿਦਵਾਨ ਇਤਿਹਾਸ ਬਾਰੇ ਚਾਨਣਾ ਪਾਉਣ ਲਈ ਬਹੁਤੇ ਮੌਜੂਦ ਸਨ ਪਰ ਉਨ੍ਹਾਂ ਦੀ ਬਜਾਏ ਇਨ੍ਹਾਂ ਨੂੰ ਬੁਲਾਵਾ ਭੇਜਿਆ ਗਿਆ | ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਸਮਾਗਮ ਤੋਂ ਪਹਿਲਾਂ ਹੀ ਕੈਂਪਸ ਵਿਚ ਪ੍ਰਦਰਸ਼ਨ ਸ਼ੁਰੂ ਕਰਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ | ਸਥਿਤੀ 'ਤੇ ਕਾਬੂ ਪਾਉਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤੀ ਕਰ ਦਿੱਤੀ | ਪੁਲਿਸ ਨੇ ਵਿਦਿਆਰਥੀ ਕੇਂਦਰ ਦੇ ਨੇੜੇ ਪ੍ਰੋਗਰਾਮ ਸਥਾਨ ਵੱਲ ਜਾ ਰਹੇ ਵਿਦਿਆਰਥੀਆਂ ਨੂੰ ਰੋਕਿਆ | ਜਿਨ੍ਹਾਂ ਵਿਚੋਂ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ | ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਵਿਦਿਆਰਥੀਆਂ ਵਿਚਕਾਰ ਝੜਪ ਹੋ ਗਈ | ਅੰਮਿ੍ਤਧਾਰੀ ਸਿੱਖ ਵਿਦਿਆਰਥੀਆਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਅਤੇ ਗਿ੍ਫ਼ਤਾਰੀਆਂ ਕੀਤੀਆਂ ਗਈਆਂ | ਜਿਸ ਨਾਲ ਕੁਝ ਸਮੇਂ ਲਈ ਤਣਾਅਪੂਰਨ ਮਾਹੌਲ ਬਣ ਗਿਆ | ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਕਿਹਾ ਕਿ ਬੀ.ਜੇ.ਪੀ. ਅਤੇ ਆਰ.ਐਸ.ਐਸ. ਦੇ ਆਗੂ ਨਾ ਤਾਂ ਸਿੱਖ ਇਤਿਹਾਸਕਾਰ ਹੈ ਤੇ ਨਾ ਹੀ ਵਿਦਵਾਨ, ਜੋ ਕਿ ਪਹਿਲਾਂ ਵੀ ਵਿਵਾਦਾਂ ਵਿਚ ਘਿਰੇ ਰਹੇ ਹਨ | ਅਜਿਹੇ ਵਿਅਕਤੀ ਨੂੰ ਯੂਨੀਵਰਸਿਟੀ ਵਿਚ ਬੁਲਾਰੇ ਵਜੋਂ ਸੱਦਾ ਦੇਣਾ ਨਿੰਦਣਯੋਗ ਕਦਮ ਹੈ | ਇਹੋ ਜਿਹੇ ਬੁਲਾਰੇ ਤੇ ਮੁੱਖ ਮਹਿਮਾਨ ਕਿਵੇਂ ਸਿੱਖ ਇਤਿਹਾਸ ਬਾਰੇ ਗੱਲ ਕਰ ਸਕਦੇ ਨੇ ਜੋ ਕਿ ਸ਼ੁਰੂ ਤੋਂ ਹੀ ਸਿੱਖ ਇਤਿਹਾਸ ਤੋੜ-ਮਰੋੜ ਕੇ ਦੱਸਦੇ ਹਨ | ਪੀ.ਯੂ.ਸੀ.ਏ.ਸੀ. ਦੇ ਪ੍ਰਧਾਨ ਗੌਰਵਵੀਰ ਸਿੰਘ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ | ਬੀ.ਜੇ.ਪੀ. ਅਤੇ ਆਰ.ਐਸ.ਐਸ. ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ | ਇਸ ਸਮਾਗਮ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ |
ਜਥੇਦਾਰ ਗੜਗੱਜ ਵਲੋਂ ਨਿੰਦਾ
ਅੰਮਿ੍ਤਸਰ, (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪ੍ਰਸ਼ਾਸਨ ਵਲੋਂ ਸਿੱਖ ਸੋਚ ਵਾਲੀਆਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨਾਲ ਜੁੜੇ ਵਿਦਿਆਰਥੀਆਂ 'ਤੇ ਧੱਕੇਸ਼ਾਹੀ ਕਰਨ ਅਤੇ ਉਨ੍ਹਾਂ ਦੀਆਂ ਦਸਤਾਰਾਂ ਤੇ ਕਕਾਰਾਂ ਦਾ ਨਿਰਾਦਰ ਕੀਤੇ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਲਈ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |
ਪੰਜਾਬ ਯੂਨੀਵਰਸਿਟੀ 'ਚ ਸਮਾਗਮ ਦੌਰਾਨ ਭਾਜਪਾ ਤੇ ਆਰ.ਐਸ.ਐਸ. ਦੇ ਆਗੂਆਂ ਦੇ ਪੁੱਜਣ 'ਤੇ ਵਿਦਿਆਰਥੀ ਸੰਗਠਨਾਂ ਵਲੋਂ ਵਿਰੋਧ
ਅਜੀਤ ਡੈਸਕ
10-03-2026