ਦੋਹਾ, 10 ਮਾਰਚ (ਪੀ. ਟੀ. ਆਈ.)-ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਦੇ ਵਿਚਕਾਰ ਮੰਗਲਵਾਰ ਨੂੰ ਕਤਰ 'ਚ ਫਸੇ ਲਗਭਗ 1000 ਭਾਰਤੀ ਨਾਗਰਿਕਾਂ ਨੂੰ ਨਵੀਂ ਦਿੱਲੀ, ਮੁੰਬਈ ਅਤੇ ਕੋਚੀ ਭੇਜਿਆ ਗਿਆ ਹੈ | ਦੋਹਾ ਸਥਿਤ ਭਾਰਤੀ ਦੂਤਘਰ ਨੇ 'ਐਕਸ' ਉਤੇ ਪਾਈ ਪੋਸਟ 'ਚ ਕਿਹਾ ਕਿ ਇਥੇ ਫਸੇ ਲਗਭਗ 1000 ਭਾਰਤੀ ਨਾਗਰਿਕਾਂ ਨੂੰ 10 ਮਾਰਚ ਨੂੰ ਕਤਰ ਏਅਰਵੇਜ਼ ਦੀਆਂ ਉਡਾਣਾਂ ਰਾਹੀਂ ਨਵੀਂ ਦਿੱਲੀ, ਮੁੰਬਈ ਅਤੇ ਕੋਚੀ ਭੇਜਿਆ ਗਿਆ ਹੈ | ਦੂਤਘਰ ਨੇ ਦੱਸਿਆ ਕਿ ਕਤਰ ਏਅਰਵੇਜ਼ ਦੀ ਇਕ ਉਡਾਣ ਬੁੱਧਵਾਰ ਨੂੰ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ | ਦੂਤਘਰ ਨੇ ਕਿਹਾ ਕਿ ਉਸ ਨੇ 96 ਘੰਟਿਆਂ ਦੀ ਵੈਧਤਾ ਵਾਲੇ ਅਸਥਾਈ ਟ੍ਰਾਂਜ਼ਿਟ ਵੀਜ਼ੇ 'ਤੇ ਸਲਵਾ ਸਰਹੱਦ ਰਾਹੀਂ ਭਾਰਤੀ ਨਾਗਰਿਕਾਂ ਨੂੰ ਸਾਊਦੀ ਅਰਬ ਦੀ ਯਾਤਰਾ ਦੀ ਸਹੂਲਤ ਜਾਰੀ ਰੱਖੀ ਹੋਈ ਹੈ | ਭਾਰਤ ਦੀ ਬਾਸਕਿਟਬਾਲ ਟੀਮ ਜੋ ਕਤਰ ਵਿਚ ਫਸੀ ਹੋਈ ਸੀ, ਸਾਊਦੀ ਅਰਬ ਤੋਂ ਉਡਾਣ ਰਾਹੀ ਭਾਰਤ ਪਹੁੰਚੀ ਹੈ |