ਐਸ. ਏ. ਐਸ. ਨਗਰ, 10 ਮਾਰਚ (ਕਪਿਲ ਵਧਵਾ)ਸਾਈਬਰ ਠੱਗਾਂ ਵਲੋਂ 'ਡਿਜ਼ੀਟਲ ਅਰੇਸਟ' ਦਾ ਡਰ ਦਿਖਾ ਕੇ ਇਕ ਬਜ਼ੁਰਗ ਮਹਿਲਾ ਨਾਲ 1.21 ਕਰੋੜ ਰੁਪਏ ਦੀ ਵੱਡੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਿਕ ਮਹਿਲਾ ਨੂੰ 13 ਜਨਵਰੀ ਨੂੰ ਇਕ ਅਣਪਛਾਤੇ ਨੰਬਰ ਤੋਂ ਫੋਨ ਆਇਆ ਸੀ | ਫੋਨ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਡਾਟਾ ਪ੍ਰੋਟੈਕਸ਼ਨ ਬੋਰਡ ਆਫ਼ ਇੰਡੀਆ ਦਾ ਸੀਨੀਅਰ ਅਧਿਕਾਰੀ ਦੱਸਿਆ | ਇਸ ਤੋਂ ਬਾਅਦ ਮਹਿਲਾ ਨੂੰ ਕਿਹਾ ਗਿਆ ਕਿ ਜਾਂਚ ਏਜੰਸੀਆਂ ਵਲੋਂ ਉਸ ਨੂੰ ਡਿਜ਼ੀਟਲੀ ਅਰੈਸਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਮਹਿਲਾ ਦੀ ਗੱਲਬਾਤ ਆਪਣੇ ਕਥਿਤ ਸੀਨੀਅਰ ਅਧਿਕਾਰੀ ਨਾਲ ਵੀ ਕਰਵਾਈ, ਜਿਸ ਨੇ ਕਿਹਾ ਕਿ ਜੇਕਰ ਉਹ ਗਿ੍ਫ਼ਤਾਰੀ ਤੋਂ ਬਚਣਾ ਚਾਹੁੰਦੀ ਹੈ ਤਾਂ ਤੁਰੰਤ ਜਾਂਚ 'ਚ ਸਹਿਯੋਗ ਕਰੇ ਤੇ ਆਪਣੇ ਬੈਂਕ ਖਾਤਿਆਂ ਦੀ ਪੂਰੀ ਜਾਣਕਾਰੀ ਦੇਵੇ | ਠੱਗਾਂ ਨੇ ਮਹਿਲਾ ਨੂੰ ਇਹ ਵੀ ਯਕੀਨ ਦਿਵਾਇਆ ਕਿ ਬੈਂਕ ਖਾਤਿਆਂ ਦੀ ਜਾਂਚ ਲਈ ਉਸ ਨੂੰ ਰਕਮ ਉਨ੍ਹਾਂ ਦੇ ਦੱਸੇ ਖਾਤੇ 'ਚ ਭੇਜਣੀ ਪਵੇਗੀ ਤੇ ਇਹ ਰਕਮ 24 ਘੰਟਿਆਂ 'ਚ ਵਾਪਸ ਕਰ ਦਿੱਤੀ ਜਾਵੇਗੀ | ਮੁਲਜ਼ਮਾਂ ਦੀਆਂ ਗੱਲਾਂ 'ਚ ਆ ਕੇ ਮਹਿਲਾ ਨੇ ਪਹਿਲਾਂ ਕਰੀਬ 20 ਲੱਖ ਰੁਪਏ ਟਰਾਂਸਫ਼ਰ ਕੀਤੇ ਤੇ ਇਸ ਤੋਂ ਬਾਅਦ ਆਪਣੇ ਦੂਜੇ ਖਾਤੇ ਤੋਂ ਲਗਭਗ 1.01 ਕਰੋੜ ਰੁਪਏ ਵੀ ਉਸੇ ਖਾਤੇ 'ਚ ਭੇਜ ਦਿੱਤੇ | ਹਾਲਾਂਕਿ ਰਕਮ ਮਿਲਣ ਤੋਂ ਬਾਅਦ ਵੀ ਸਾਈਬਰ ਅਪਰਾਧੀ ਲਗਾਤਾਰ ਹੋਰ ਪੈਸੇ ਭੇਜਣ ਲਈ ਦਬਾਅ ਬਣਾਉਂਦੇ ਰਹੇ | ਥਾਣਾ ਸਾਈਬਰ ਕ੍ਰਾਈਮ ਪੁਲਿਸ ਮੁਹਾਲੀ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |