ਸ੍ਰੀ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਬਣਨਗੇ ਸੈਰ-ਸਪਾਟਾ ਕੇਂਦਰ <br/>
ਅਜੀਤ ਡੈਸਕ
12-03-2026
ਅੰਮਿ੍ਤਸਰ, 11 ਮਾਰਚ-ਪਾਕਿਸਤਾਨ ਦੇ ਸੰਘੀ ਸੰਚਾਰ ਮੰਤਰੀ ਅਬਦੁਲ ਅਲੀਮ ਖ਼ਾਨ ਦੀ ਪ੍ਰਧਾਨਗੀ ਹੇਠ ਹੋਈ ਉੱਚ-ਪੱਧਰੀ ਨੈਸ਼ਨਲ ਹਾਈਵੇਅ ਅਥਾਰਿਟੀ (ਐੱਨ. ਐੱਚ. ਏ.) ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਪਾਕਿ ਮੁੱਖ ਮੋਟਰਵੇਅ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਧਾਰਮਿਕ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰੇਗਾ | ਸੰਚਾਰ ਮੰਤਰੀ ਨੇ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਸ੍ਰੀ ਕਰਤਾਰਪੁਰ ਸਾਹਿਬ ਅਤੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਨੂੰ ਤਿੰਨ-ਮਾਰਗੀ ਮੋਟਰਵੇਅ ਨਾਲ ਜੋੜਨ ਦੀਆਂ ਯੋਜਨਾਵਾਂ ਦੀ ਵੀ ਸਮੀਖਿਆ ਕੀਤੀ | ਉਨ੍ਹਾਂ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਭਾਰਤ ਤੇ ਵਿਸ਼ਵ-ਵਿਆਪੀ ਪ੍ਰਵਾਸੀਆਂ ਲਈ ਆਸਾਨ ਪਹੁੰਚ ਦੀ ਸਹੂਲਤ ਦੇ ਕੇ ਧਾਰਮਿਕ ਸੈਰ-ਸਪਾਟਾ ਵਧਾਉਣਾ ਹੈ | ਮੀਟਿੰਗ 'ਚ ਲਏ ਗਏ ਫ਼ੈਸਲਿਆਂ ਵਿਚ ਲਾਹੌਰ-ਸਿਆਲਕੋਟ ਮੋਟਰਵੇਅ ਦਾ ਵਿਸਥਾਰ ਕਰਨਾ, ਸਿੱਖ ਸ਼ਰਧਾਲੂਆਂ ਲਈ ਸੁਰੱਖਿਅਤ ਹਾਈਵੇਅ ਬਣਾਉਣਾ ਅਤੇ ਹੋਟਲਾਂ ਤੇ ਰਿਜ਼ੋਰਟਾਂ 'ਚ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਸ਼ਾਮਿਲ ਹੈ | ਅਲੀਮ ਖ਼ਾਨ ਨੇ ਕਿਹਾ ਕਿ ਐੱਨ. ਐੱਚ. ਏ. ਨੇ ਲਾਹੌਰ-ਸਿਆਲਕੋਟ ਦੋ-ਮਾਰਗੀ ਮੋਟਰਵੇਅ ਨੂੰ ਤਿੰਨ-ਮਾਰਗੀ ਹਾਈਵੇਅ 'ਚ ਬਦਲਣ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦਾ ਕੰਮ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ | ਉਨ੍ਹਾਂ ਨੇ ਸੈਰ-ਸਪਾਟੇ ਨੂੰ ਉਤਸ਼ਾਹਿਤ ਤੇ ਬੁਨਿਆਦੀ ਢਾਂਚਿਆਂ ਦੇ ਸੁਧਾਰ ਦੀ ਗੱਲ ਕਰਦਿਆਂ ਸ੍ਰੀ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਵਿਖੇ ਤਿੰਨ, ਚਾਰ ਅਤੇ ਪੰਜ-ਸਿਤਾਰਾ ਹੋਟਲ, ਸ਼ਾਪਿੰਗ ਮਾਲ ਅਤੇ ਹੋਰ ਸਹੂਲਤਾਂ ਦਾ ਨਿਰਮਾਣ ਕਰਨ ਦਾ ਵੀ ਦਾਅਵਾ ਕੀਤਾ |