ਪਟਿਆਲਾ, 2 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਕੇਂਦਰ ਸਰਕਾਰ ਵਲੋਂ ਨਕਦ ਲੈਣ ਦੇਣ ਨੂੰ ਨਿਯੰਤਰਣ ਕਰਨ, ਕਾਲੇ ਧੰਨ ਨੂੰ ਰੋਕਣ ਅਤੇ ਡਿਜੀਟਲ ਲੈਣ ਦੇਣ ਨੂੰ ਉਤਸ਼ਾਹਿਤ ਕਰਨ ਲਈ ਇਨਕਮ ਟੈਕਸ ਐਕਟ 1961 ਦੇ ਸੋਧੇ ਨਿਯਮਾਂ ਸੰਬੰਧੀ ਨਵੇਂ ਵਿੱਤੀ ਵਰ੍ਹੇ ਤੋਂ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਸਨ | ਇਸ ਤਹਿਤ 1 ਅਪ੍ਰੈਲ ਤੋਂ ਇਹ ਨਿਯਮ ਲਾਗੂ ਹੋ ਚੁੱਕੇ ਹਨ | ਹੁਣ ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਜਾਣੇ-ਅਣਜਾਣੇ ਵਿਚ ਉਲੰਘਣਾ ਕਰੇਗਾ ਤਾਂ ਉਸ ਨੂੰ ਜੁਰਮਾਨਾ ਅਤੇ ਵਿਭਾਗੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ | ਇਨ੍ਹਾਂ ਨਿਯਮਾਂ ਦੀ ਪਾਲਣਾ ਲਈ ਕੇਂਦਰ ਸਰਕਾਰ ਜਾਂ ਕਰ ਵਿਭਾਗ ਵਲੋਂ ਅਜੇ ਬਹੁਤੀ ਜਾਗਰੂਕਤਾ ਨਹੀਂ ਫੈਲਾਈ ਗਈ | ਜਿਸ ਕਰਕੇ ਕਈ ਲੋਕ ਅਨਜਾਣੇ ਵਿਚ ਇਨ੍ਹਾਂ ਨਿਯਮਾਂ ਵਿਰੁੱਧ ਕਾਰਵਾਈ 'ਚ ਉਲਝ ਸਕਦੇ ਹਨ | ਇਨ੍ਹਾਂ ਨਿਯਮਾਂ ਅਨੁਸਾਰ ਸੇਵਿੰਗ ਬੈਂਕ ਖਾਤੇ ਵਿਚ ਜੇਕਰ ਤੁਹਾਡੇ ਕੋਲ ਪੈਨ ਕਾਰਡ ਹੈ ਤਾਂ ਇਕ ਵਿੱਤੀ ਸਾਲ ਵਿਚ 10 ਲੱਖ ਹੀ ਨਕਦ ਜਮ੍ਹਾਂ ਕਰਵਾਏ ਜਾ ਸਕਦੇ ਹਨ ਪਰ ਇਸ ਤੋਂ ਵਧੇਰੇ 'ਤੇ ਬੈਂਕ ਕਰ ਵਿਭਾਗ ਨੂੰ ਜਾਣਕਾਰੀ ਦੇਵਾਂਗਾ | ਜੇਕਰ ਪੈਨ ਕਾਰਡ ਨੰਬਰ ਤੋਂ ਬਿਨਾਂ 5 ਲੱਖ ਤੋਂ ਵੱਧ ਜਮਾਂ ਕਰਵਾਉਂਦੇ ਹੋ ਤਾਂ ਆਧਾਰ ਨਾਲ ਜੋੜ ਕੇ ਹੀ ਕਰ ਵਿਭਾਗ ਨੋਟਿਸ ਭੇਜ ਸਕਦਾ ਹੈ | ਇਸ ਤੋਂ ਬਾਅਦ ਜੇਕਰ ਵਿਭਾਗ ਇਸ ਪੈਸੇ ਦਾ ਸਰੋਤ ਪੁੱਛਦਾ ਹੈ ਤੇ ਤੁਸੀਂ ਇਸਨੂੰ ਦੱਸ ਨਹੀਂ ਸਕਦੇ ਤਾਂ 84 ਫ਼ੀਸਦੀ ਜੁਰਮਾਨਾ ਲੱਗ ਸਕਦਾ ਹੈ ਪਰ ਜੇ ਸਰੋਤ ਦੱਸਿਆ ਜਾਂਦਾ ਹੈ ਤਾਂ ਫਿਰ ਕੋਈ ਮੁਸ਼ਕਿਲ ਨਹੀਂ ਹੈ | ਇਸੇ ਤਰ੍ਹਾਂ ਹੀ ਨਕਦੀ ਕਢਵਾਉਣ ਮੌਕੇ ਜੇਕਰ ਤੁਸੀ ਆਈ.ਟੀ.ਆਰ. ਨਹੀਂ ਭਰਦੇ ਤਾਂ ਤੁਸੀ ਸਾਲ ਦਾ 20 ਲੱਖ ਰੁਪਏ ਤੋਂ ਉੱਤੇ ਕਢਵਾਉਂਦੇ ਹੋ ਤਾਂ 2 ਫ਼ੀਸਦੀ ਟੀ.ਡੀ.ਐੱਸ. ਕੱਟਿਆ ਜਾਵੇਗਾ ਤੇ ਜੇਕਰ ਇਕ ਕਰੋੜ ਤੋਂ ਜ਼ਿਆਦਾ ਕਢਵਾਉਗੇ ਤਾਂ 5 ਫ਼ੀਸਦੀ ਟੀ.ਡੀ.ਐੱਸ. ਕੱਟਿਆ ਜਾਵੇਗਾ ਪਰ ਜੇਕਰ ਤੁਸੀ ਨਿਯਮਤ ਤੌਰ 'ਤੇ ਰਿਟਰਨ ਫਾਈਲ ਕਰਦੇ ਹੋ ਤਾਂ ਇਕ ਕਰੋੜ ਤੋਂ ਉੱਪਰ 2 ਫ਼ੀਸਦੀ ਟੀ.ਡੀ.ਐੱਸ. ਕੱਟਿਆ ਜਾਵੇਗਾ ਜੋ ਤੁਸੀ ਆਈ.ਟੀ.ਆਰ. ਵਿਚ ਕਲੇਮ ਕਰਕੇ ਲੈ ਸਕਦੇ ਹੋ | ਇਸੇ ਤਰ੍ਹਾਂ ਜੇਕਰ ਕੋਈ ਵਪਾਰੀ ਇਕ ਦਿਨ ਵਿਚ 2 ਲੱਖ ਤੋਂ ਵੱਧ ਕੋਈ ਚੀਜ਼ ਨਕਦੀ ਵਿਚ ਵੇਚਦਾ ਹੈ ਤਾਂ ਵਿਕਰੇਤਾ 'ਤੇ ਸੌ ਫ਼ੀਸਦੀ ਜੁਰਮਾਨਾ ਲੱਗੇਗਾ | ਇਸ ਤੋਂ ਇਲਾਵਾ ਜਾਇਦਾਦ ਵੇਚਣ ਮੌਕੇ ਕੋਈ ਟੋਕਨ ਮਨੀ ਜਾਂ ਬਿਆਨੇ ਦੇ ਰੂਪ ਵਿਚ 20 ਹਜ਼ਾਰ ਤੋਂ ਵੱਧ ਨਕਦ ਵਸੂਲੀ ਕਰਦਾ ਹੈ ਤਾਂ ਉਸ 'ਤੇ ਸੌ ਫ਼ੀਸਦੀ ਜੁਰਮਾਨਾ ਲੱਗੇਗਾ | ਇਸੇ ਤਰ੍ਹਾਂ ਬਿਆਨਾ ਜਾਂ ਟੋਕਨ ਮਨੀ ਰੱਦ ਹੋਏ ਸੌਦੇ ਤੋਂ ਬਾਅਦ ਨਕਦੀ ਵਿਚ ਵਾਪਸ ਕਰਨ ਵਾਲੇ 'ਤੇ ਵੀ ਸੌ ਫ਼ੀਸਦੀ ਜੁਰਮਾਨਾ ਲੱਗੇਗਾ | ਇਸੇ ਤਰ੍ਹਾਂ 20 ਹਜ਼ਾਰ ਤੋਂ ਵੱਧ ਨਕਦੀ ਦੇ ਰੂਪ ਵਿਚ ਕਰਜ਼ਾ ਲੈਣ ਜਾਂ ਵਾਪਸ ਕਰਨ ਮੌਕੇ ਰਾਸ਼ੀ ਲਈ ਹੈ ਤਾਂ ਵੀ ਸੌ ਫ਼ੀਸਦੀ ਜੁਰਮਾਨਾ ਲੱਗ ਸਕਦਾ ਹੈ | ਇੰਨਾ ਹੀ ਜੁਰਮਾਨਾ ਜੇਕਰ ਕੋਈ ਕਿਰਾਏਦਾਰ ਸਕਿਉਰਿਟੀ ਨਕਦੀ ਦੇ ਰੂਪ ਵਿਚ 20 ਹਜ਼ਾਰ ਤੋਂ ਵੱਧ ਲੈਂਦਾ ਹੈ ਜਾਂ ਕਿਰਾਏਦਾਰ ਵਾਪਸ ਕਰਦਾ ਹੈ ਉਸ 'ਤੇ ਜੁਰਮਾਨਾ ਲੱਗੇਗਾ |
ਜਾਣੇ-ਅਣਜਾਣੇ 'ਚ ਵਿੱਤੀ ਲੈਣ-ਦੇਣ ਦੇ ਨਵੇਂ ਨਿਯਮਾਂ ਦੀ ਉਲੰਘਣਾ 'ਤੇ ਭਰਨੀ ਪੈ ਸਕਦੀ ਹੈ ਚੱਟੀ
ਅਜੀਤ ਡੈਸਕ
03-04-2026