25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਚਿੱਟੇ ਦਿਨ ਦੋ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਬੈਂਕ 'ਚੋਂ ਕੀਤੀ 7 ਲੱਖ ਦੀ ਲੁੱਟ <br/>

Ad Position 21
No active advertisement
ਸੀ.ਸੀ.ਟੀ.ਵੀ. 'ਚ ਕੈਦ ਹੋਏ ਐਕਟਿਵਾ 'ਤੇ ਜਾਂਦੇ ਲੁਟੇਰੇ | ਤਸਵੀਰ : ਮੁਨੀਸ਼<br/> 07-04-2026

ਜਲੰਧਰ, 6 ਅਪ੍ਰੈਲ (ਐੱਮ. ਐੱਸ. ਲੋਹੀਆ)-ਬੈਂਕ ਇਨਕਲੇਵ ਦੇ ਖੇਤਰ 'ਚ ਚੱਲ ਰਹੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ 'ਚ ਚਿੱਟੇ ਦਿਨ ਆਏ ਦੋ ਨਕਾਬਪੋਸ਼ ਲੁਟੇਰਿਆਂ ਨੇ ਕੈਸ਼ੀਅਰ ਨੂੰ ਪਿਸਤੌਲ ਦਿਖਾ ਕੇ ਕਰੀਬ 7 ਲੱਖ ਰੁਪਏ ਦੀ ਨਕਦੀ ਲੁੱਟ ਲਈ | ਲੁੱਟ ਦੀ ਇਸ ਵਾਰਦਾਤ ਨੂੰ ਕਮਿਸ਼ਨਰੇਟ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਹੱਲ ਕਰਦੇ ਹੋਏ ਇਕ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਹੈ, ਜਦਕਿ ਲੁੱਟੀ ਗਈ ਰਕਮ ਦੀ ਬਰਾਮਦਗੀ ਲਈ, ਪੁਲਿਸ ਵਲੋਂ ਉਸ ਦੇ ਦੂਸਰੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2.30 ਵਜੇ ਕੁੱਕੀ ਢਾਬ ਵਲੋਂ ਐਕਟਿਵਾ 'ਤੇ ਆਏ ਦੋ ਨਕਾਬਪੋਸ਼, ਜਿਨ੍ਹਾਂ 'ਚੋਂ ਇਕ ਨੇ ਮੂੰਹ 'ਤੇ ਸਫ਼ੇਦ ਰੰਗ ਦਾ ਰੁਮਾਲ ਲਪੇਟਿਆ ਹੋਇਆ ਸੀ, ਜਦਕਿ ਦੂਸਰੇ ਛੋਟੇ ਕੱਦ ਤੇ ਭਾਰੇ ਸਰੀਰ ਵਾਲਾ ਸੀ, ਜਿਸ ਨੇ ਹੈਲਮਟ ਪਾਇਆ ਸੀ | ਬੈਂਕ ਅੰਦਰ ਦਾਖ਼ਲ ਹੋਣ ਤੋਂ ਬਾਅਦ ਇਕ ਲੁਟੇਰਾ ਗੇਟ ਦੇ ਕੋਲ ਖੜ੍ਹਾ ਰਿਹਾ, ਜਦਕਿ ਦੂਸਰਾ ਸਿੱਧਾ ਕੈਸ਼ੀਅਰ ਕੋਲ ਗਿਆ, ਜਿਸ ਨੇ ਕੈਸ਼ੀਅਰ ਨੂੰ ਪਿਸਤੌਲ ਦਿਖਾਈ ਅਤੇ ਧਮਕੀ ਦਿੰਦੇ ਹੋਏ, ਉੱਥੇ ਮੌਜੂਦ ਸਾਰੀ ਨਕਦੀ ਉਸਦੇ ਹਵਾਲੇ ਕਰਨ ਲਈ ਕਿਹਾ | ਕੈਸ਼ੀਅਰ ਵਲੋਂ ਆਪਣੇ ਕੋਲ ਪਈ ਕਰੀਬ 7 ਲੱਖ ਦੀ ਨਕਦੀ ਲੁਟੇਰੇ ਦੇ ਹਵਾਲੇ ਕਰ ਦਿੱਤੀ, ਨਕਦੀ ਲੈ ਕੇ ਦੋਵੇਂ ਲੁਟੇਰੇ ਬੈਂਕ 'ਚੋਂ ਬਾਹਰ ਨਿਕਲੇ ਅਤੇ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਮੌਕੇ 'ਤੋਂ ਫ਼ਰਾਰ ਹੋ ਗਏ | ਵੱਡੀ ਗੱਲ ਇਹ ਹੈ ਕਿ ਵਾਰਦਾਤ ਸਮੇਂ ਬੈਂਕ 'ਚ ਕੋਈ ਵੀ ਸੁਰੱਖਿਆ ਕਰਮੀ ਮੌਜੂਦ ਨਹੀਂ ਸੀ | ਵਾਰਦਾਤ ਨੂੰ ਅੰਜਾਮ ਦੇਣ ਆਏ ਲੁਟੇਰਿਆਂ ਦੀ ਫੁਟੇਜ, ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ | ਵਾਰਦਾਤ ਸੰਬੰਧੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਰੰਧਾਵਾ ਵਲੋਂ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਗਈਆਂ, ਜਿਸ ਤੋਂ ਬਾਅਦ ਡੀ.ਸੀ.ਪੀ. (ਜਾਂਚ) ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. (ਜਾਂਚ) ਜੇਅੰਤ ਪੁਰੀ, ਏ.ਡੀ.ਸੀ.ਪੀ. (ਸਿਟੀ-2) ਰਾਕੇਸ਼ ਯਾਦਵ, ਏ.ਸੀ.ਪੀ. (ਜਾਂਚ) ਅਮਰਬੀਰ ਸਿੰਘ, ਏ.ਸੀ.ਪੀ. (ਪੱਛਮੀ) ਆਤਿਸ਼ ਭਾਟੀਆ ਅਤੇ ਹੋਰ ਮੌਕੇ 'ਤੇ ਪਹੁੰਚ ਗਏ | ਉਨ੍ਹਾਂ ਵਲੋਂ ਫੋਰੈਂਸਿਕ ਟੀਮ ਦੀ ਸਹਾਇਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ | ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਨੂੰ ਹੱਲ ਕਰਨ ਲਈ ਤੁਰੰਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ | ਉਨ੍ਹਾਂ ਦੱਸਿਆ ਕਿ ਟੀਮਾਂ ਵਲੋਂ ਲਗਾਤਾਰ ਕੀਤੀ ਜਾ ਰਹੀ ਜਾਂਚ ਦੌਰਾਨ ਲੁਟੇਰਿਆਂ ਦੀ ਪਛਾਣ ਹੋ ਗਈ, ਜਿਸ ਤੋਂ ਬਾਅਦ ਇਕ ਲੁਟੇਰੇ ਨੂੰ ਹਿਰਾਸਤ 'ਚ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਫਿਲਹਾਲ ਲੁਟੇਰੇ ਦਾ ਦੂਸਰਾ ਸਾਥੀ ਕਾਬੂ ਕਰਨ ਅਤੇ ਲੁੱਟ ਦੀ ਰਕਮ ਬਰਾਮਦ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਜਲਦ ਹੀ ਪੱਤਰਕਾਰ ਸੰਮੇਲਨ ਕਰਕੇ ਸਾਰੀ ਵਾਰਦਾਤ ਸੰਬੰਧੀ ਖੁਲਾਸਾ ਕੀਤਾ ਜਾਵੇਗਾ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਲਹਾਲ ਪੁਲਿਸ ਨੇ ਐਕਟਿਵਾ ਦੇ ਪਿੱਛੇ ਬੈਠੇ ਲੁਟੇਰੇ ਨੂੰ ਕਾਬੂ ਕੀਤਾ ਹੈ, ਜਿਸ ਤੋਂ ਪੁੱਛਗਿੱਛ ਕਰਕੇ, ਪੁਲਿਸ ਟੀਮਾਂ ਦੂਸਰੇ ਲੁਟੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਨਿਊ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਸਖ਼ਤ ਨਿਰਦੇਸ਼
Ad Position 24