ਫ਼ਾਜ਼ਿਲਕਾ, 6 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਡਾ.ਕਵਿਤਾ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ ਸੁਨੀਤਾ ਕੰਬੋਜ ਵਲੋਂ ਐਨ.ਵੀ.ਬੀ.ਡੀ.ਸੀ.ਪੀ ਬਰਾਂਚ ਦੀ ਮਾਸਿਕ ਸਮੀਖਿਆ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਮਾਸ ਮੀਡੀਆ ਵਿੰਗ ਦੇ ਮਨਬੀਰ ਸਿੰਘ, ਦਿਵੇਸ਼ ਕੁਮਾਰ, ਸੁਨੀਤਾ ਰਾਣੀ ਸਮੇਤ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਵਰਕਰ ਹਾਜ਼ਰ ਸਨ | ਮੀਟਿੰਗ ਦੌਰਾਨ ਸਿਵਲ ਸਰਜਨ ਡਾ.ਕਵਿਤਾ ਸਿੰਘ ਨੇ ਕਿਹਾ ਕਿ ਹਾਲ ਹੀ ਵਿਚ ਹੋਈ ਬਾਰਸ਼ ਕਾਰਨ ਮੱਛਰਾਂ ਦੇ ਪੈਦਾ ਹੋਣ ਦਾ ਖ਼ਤਰਾ ਵਧ ਗਿਆ ਹੈ | ਉਨ੍ਹਾਂ ਨੇ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖੇਤਰਾਂ ਵਿਚ ਸਰਵੇ ਤੇਜ਼ ਕਰਨ, ਮੱਛਰਾਂ ਦੇ ਲਾਰਵੇ ਨੂੰ ਨਸ਼ਟ ਕਰਨ ਅਤੇ ਬਰੀਡਿੰਗ ਚੈਕਿੰਗ ਗਤੀਵਿਧੀਆਂ ਵੱਲ ਖ਼ਾਸ ਧਿਆਨ ਦੇਣ | ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿਚ ਕੂਲਰਾਂ, ਗਮਲਿਆਂ, ਟੁੱਟੇ-ਫੁੱਟੇ ਬਰਤਨਾਂ ਅਤੇ ਛੱਤਾਂ 'ਤੇ ਰੱਖੇ ਟਾਇਰਾਂ ਵਿਚ ਪਾਣੀ ਜਮ੍ਹਾਂ ਨਾ ਹੋਣ ਦੇਣ | ਮੀਟਿੰਗ ਵਿਚ 'ਕੋਟਪਾ' ਐਕਟ ਦੀ ਸਖ਼ਤੀ ਨਾਲ ਪਾਲਨਾ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੇ ਨਿਰਦੇਸ਼ ਵੀ ਦਿੱਤੇ ਗਏ | ਇਸ ਤੋਂ ਇਲਾਵਾ 100 ਰੋਜ਼ਾ ਟੀਬੀ. ਮੁਕਤ ਭਾਰਤ ਅਭਿਆਨ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ | ਡਾ. ਸੁਨੀਤਾ ਕੰਬੋਜ ਨੇ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਮਾਨੀਟਰਿੰਗ ਰਿਪੋਰਟਾਂ ਸਮੇਂ ਸਿਰ ਅੱਪਲੋਡ ਕੀਤੀਆਂ ਜਾਣ ਅਤੇ ਕੰਮ ਵਿਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |