ਅੰਮਿ੍ਤਸਰ, 6 ਅਪ੍ਰੈਲ (ਜਸਵੰਤ ਸਿੰਘ ਜੱਸ)-ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਕਮੇਟੀ ਵਲੋਂ ਅੱਜ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਗੁਰੂ ਬਾਜ਼ਾਰ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ, ਪੰਜ ਪਿਆਰਿਆਂ ਦੀ ਅਗਵਾਈ ਅਤੇ ਨਰਸਿੰਙਿਆਂ ਦੀ ਵਿਸਮਾਦੀ ਗੂੰਜ 'ਚ ਦੁਪਹਿਰ 12 ਵਜੇ ਸਜਾਏ ਗਏ ਇਸ ਨਗਰ ਕੀਰਤਨ ਵਿਚ ਸ੍ਰੀ ਦਰਬਾਰ ਸਾਹਿਬ ਦੇ ਕਾਰਜਕਾਰੀ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਅਤੇ ਮੈਨੇਜਰ ਜਸਪਾਲ ਸਿੰਘ ਢੱਡੇ ਸਮੇਤ ਹੋਰ ਧਾਰਮਿਕ ਸ਼ਖ਼ਸੀਅਤਾਂ, ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਕਰਮਚਾਰੀਆਂ ਅਤੇ ਧਾਰਮਿਕ ਸਭਾ-ਸੁਸਾਇਟੀਆਂ ਦੇ ਨੁਮਾਇੰਦਿਆਂ ਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ | ਕਾਰਜਕਾਰੀ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਨੌਵੇਂ ਪਾਤਿਸ਼ਾਹ ਦਾ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਧਰਮ ਦੀ ਰਖਵਾਲੀ ਲਈ ਉਦਾਹਰਣ ਹੈ | ਇਹ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੀ ਪਰਿਕਰਮਾ ਕਰਦਾ ਹੋਇਆ ਬਾਅਦ ਦੁੁਪਹਿਰ ਗੁ: ਗੁਰੂ ਕੇ ਮਹਿਲ ਵਿਖੇ ਪੁੱਜ ਕੇ ਸੰਪੂਰਨ ਹੋਇਆ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ, ਵਧੀਕ ਮੈਨੇਜਰ ਇਕਬਾਲ ਸਿੰਘ ਮੁਖੀ, ਗੁਰਵਿੰਦਰ ਸਿੰਘ ਦੇਵੀਦਾਸਪੁਰ, ਯੁਵਰਾਜ ਸਿੰਘ ਬੰਟੀ, ਕੁਲਦੀਪ ਸਿੰਘ ਪੰਡੋਰੀ ਤੇ ਜਗਦੀਸ਼ ਸਿੰਘ ਵਾਲੀਆ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ | ਇਸੇ ਦੌਰਾਨ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਕੱਲ੍ਹ 7 ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਗੁ: ਬਾਬਾ ਅਟੱਲ ਰਾਇ ਸਾਹਿਬ ਵਿਖੇ ਸਵੇਰ ਤੋਂ ਦੁਪਹਿਰ ਤੱਕ ਸੁੰਦਰ ਜਲੌਅ ਸਜਾਏ ਜਾਣਗੇ ਤੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਰਾਤ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਸਜਾਏ ਜਾਣਗੇ, ਜਿਸ ਦੌਰਾਨ ਪ੍ਰਸਿੱਧ ਰਾਗੀ ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਸ਼ਬਦ ਕੀਰਤਨ ਤੇ ਗੁਰਮਤਿ ਵਿਚਾਰਾਂ ਤੇ ਸਿੱਖ ਇਤਿਹਾਸ ਸਰਵਨ ਕਰਾ ਕੇ ਨਿਹਾਲ ਕਰਨਗੇ |
ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ
ਅਜੀਤ ਡੈਸਕ
07-04-2026