ਸੰਗਰੂਰ/ਬਰਨਾਲਾ, 6 ਅਪ੍ਰੈਲ (ਦਮਨਜੀਤ ਸਿੰਘ, ਧੀਰਜ਼ ਪਸ਼ੌਰੀਆ, ਨਰਿੰਦਰ ਅਰੋੜਾ)-ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਾਂਗ ਸੰਗਰੂਰ ਅਤੇ ਬਰਨਾਲਾ ਦੇ ਅਦਾਲਤੀ ਕੰਪਲੈਕਸ ਨੰੂ ਵੀ ਬੰਬ ਨਾਲ ਉਡਾਉਣ ਦੀ ਧਮਕੀ ਦੇ ਚਲਦਿਆ ਹਫ਼ੜਾ ਦਫ਼ੜੀ ਵਿਚ ਅਦਾਲਤੀ ਕੰਪਲੈਕਸ ਵਿਚਲੀਆਂ ਸਾਰੀਆਂ ਅਦਾਲਤਾਂ ਅਤੇ ਵਕੀਲਾਂ ਦੇ ਚੈਂਬਰਾਂ ਨੰੂ ਖਾਲੀ ਕਰਵਾ ਕੇ ਪੁਲਿਸ ਵਲੋਂ ਤਲਾਸ਼ੀ ਮੁਹਿੰਮ ਆਰੰਭ ਦਿੱਤੀ | ਜ਼ਿਲ੍ਹਾ ਅਦਾਲਤ ਸੰਗਰੂਰ ਦੇ ਵਕੀਲਾਂ ਮੁਤਾਬਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਵਲੋਂ ਵਕੀਲਾਂ ਦੇ ਵਟਸਐਪ ਗਰੁੱਪ ਵਿਚ ਇਕ ਮੈਸੇਜ ਭੇਜ ਕੇ ਵਕੀਲਾਂ ਨੰੂ ਬੇਨਤੀ ਕੀਤੀ ਗਈ ਕਿ ਜ਼ਿਲ੍ਹਾ ਅਦਾਲਤੀ ਕੰਪਲੈਕਸ ਨੰੂ ਬੰਬ ਨਾਲ ਉਡਾਉਣ ਦੀ ਵੱਡੀ ਧਮਕੀ ਮਿਲੀ ਹੈ ਜਿਸ ਦੇ ਚਲਦਿਆਂ ਸਾਰੇ ਵਕੀਲ ਤੁਰੰਤ ਆਪਣੇ ਚੈਂਬਰ ਛੱਡ ਕੇ ਕਿਸੇ ਖੁੱਲ੍ਹੀ ਥਾਂ ਵਿਚ ਆ ਜਾਣ | ਵੱਡੇ ਪੁਲਿਸ ਬਲ ਅਤੇ ਬੰਬ ਨਿਰੋਧਕ ਦਸਤੇ ਸਮੇਤ ਅਦਾਲਤੀ ਕੰਪਲੈਕਸ ਪਹੁੰਚੇ ਐਸ.ਪੀ. (ਐੱਚ) ਰਾਜੇਸ਼ ਕੁਮਾਰ ਛਿੱਬਰ ਅਤੇ ਡੀ.ਐਸ.ਪੀ. (ਡੀ) ਦਲਜੀਤ ਸਿੰਘ ਵਿਰਕ ਵਲੋਂ ਕੰਪਲੈਕਸ ਵਿਚ ਮੌਜੂਦ ਸਾਰੀਆਂ ਅਦਾਲਤਾਂ ਅਤੇ ਵਕੀਲਾਂ ਦੇ ਚੈਂਬਰਾਂ ਸਮੇਤ ਹੋਰ ਆਲੇ ਦੁਆਲੇ ਦੀ ਡੂੰਘਾਈ ਨਾਲ ਤਲਾਸ਼ੀ ਕਰਵਾਈ ਗਈ ਪਰ ਪੁਲਿਸ ਨੰੂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ | ਇਸ ਮੌਕੇ ਮੌਜੂਦ ਐਸ.ਪੀ. (ਐਚ) ਰਾਜੇਸ਼ ਕੁਮਾਰ ਛਿੱਬਰ ਨੇ ਕਿਹਾ ਕਿ ਸੰਗਰੂਰ ਅਦਾਲਤੀ ਕੰਪਲੈਕਸ ਨੰੂ ਬੰਬ ਨਾਲ ਉਡਾਉਣ ਜਾਂ ਫਿਰ ਕਿਸੇ ਤਰੀਕੇ ਵੀ ਨੁਕਸਾਨ ਪਹੁੰਚਾਉਣ ਦੀ ਕੋਈ ਵੀ ਧਮਕੀ ਵੀ ਨਹੀਂ ਮਿਲੀ, ਪਰ ਪੰਜਾਬ ਅੰਦਰ ਹੋਰਨਾਂ ਥਾਵਾਂ 'ਤੇ ਅਦਾਲਤੀ ਕੰਪਲੈਕਸ ਜਾਂ ਸਕੂਲਾਂ ਨੰੂ ਮਿਲੀਆਂ ਧਮਕੀਆਂ ਜਿਸ ਦੇ ਚੱਲਦਿਆਂ ਅੱਜ ਦੀ ਸਾਰੀ ਕਾਰਵਾਈ ਪੁਲਿਸ ਵਲੋਂ ਇਤਹਾਤ ਵਜੋਂ ਮੌਕ ਡਰਿੱਲ ਤਹਿਤ ਕੀਤੀ ਗਈ ਹੈ | ਅਦਾਲਤੀ ਕੰਪਲੈਕਸ ਵਿਚ ਸਾਰਾ ਕੰਮਕਾਜ ਆਮ ਵਾਂਗ ਹੋਣ ਤੋਂ ਲਗਪਗ ਡੇਢ ਦੋ ਘੰਟੇ ਉਪਰੰਤ ਵੀ ਡੀ.ਐਸ.ਪੀ. ਸੁਖਦੇਵ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਅਤੇ ਸਿਟੀ-1 ਦੇ ਮੁਖੀਆਂ ਸਮੇਤ ਪੁਲਿਸ ਫੋਰਸ ਅਦਾਲਤ ਕੰਪਲੈਕਸ ਅੰਦਰ ਹੀ ਮੌਜੂਦ ਰਹੀ | ਬਰਨਾਲਾ ਵਿਖੇ ਪਹੁੰਚੇ ਡੀ.ਐੱਸ.ਪੀ. ਸਿਟੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਮੋਹਾਲੀ ਦੇ ਜ਼ਿਲ੍ਹਾ ਸੈਸ਼ਨ ਕੋਰਟ ਕੋਲ ਇਕ ਅਣਪਛਾਤੀ ਮੇਲ ਆਈ | ਜਿਸ ਵਿਚ ਪੰਜਾਬ ਦੇ ਤਿੰਨ ਕੋਰਟ ਕੰਪਲੈਕਸਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ | ਬਰਨਾਲਾ ਵਿਖੇ ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਰਟ ਕੰਪਲੈਕਸ ਖ਼ਾਲੀ ਕਰਵਾਇਆ ਗਿਆ | ਇਸ ਮੌਕੇ ਡੀ.ਐੱਸ.ਪੀ. ਬਲਜੀਤ ਸਿੰਘ ਢਿੱਲੋਂ, ਡੀ.ਐੱਸ.ਪੀ. ਰਜਿੰਦਰਪਾਲ ਸਿੰਘ, ਇੰਸਪੈਕਟਰ ਲਖਵਿੰਦਰ ਸਿੰਘ, ਇੰਸਪੈਕਟਰ ਸ਼ੇਰਵਿੰਦਰ ਸਿੰਘ, ਇੰਸਪੈਕਟਰ ਰਾਜਪਾਲ ਸਿੰਘ ਆਦਿ ਹਾਜ਼ਰ ਸਨ |
ਸੰਗਰੂਰ ਅਤੇ ਬਰਨਾਲਾ ਦੇ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਬੰਬ ਦੀ ਧਮਕੀ ਮਿਲਣ ਉਪਰੰਤ ਅਦਾਲਤਾਂ ਅਤੇ ਚੈਂਬਰਾਂ ਵਿੱਚੋਂ ਬਾਹਰ ਨਿਕਲ ਕੇ ਕੰਪਲੈਕਸ ਦੇ ਵਿਹੜੇ 'ਚ ਖੜ੍ਹੇ ਵਕੀਲ ਤੇ ਲੋਕ | ਤਸਵੀਰ : ਮੁਕੇਸ਼ ਕੁਮਾਰ<br/> ਐਸ.ਪੀ. ਰਾਜੇਸ਼ ਛਿੱਬਰ ਦੀ ਅਗਵਾਈ ਹੇਠ ਅਦਾਲਤੀ ਕੰਪਲੈਕਸ ਦੀ ਤਲਾਸ਼ੀ ਲੈਂਦੇ ਹੋਏ ਪੁਲਿਸ ਮੁਲਾਜ਼ਮ | ਤਸਵੀਰ : ਮੁਕੇਸ਼ ਕੁਮਾਰ<br/>
07-04-2026