ਪਟਿਆਲਾ, 6 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ 250 ਨਵੀਆਂ ਪੀ.ਆਰ.ਟੀ.ਸੀ. ਬੱਸਾਂ ਨੂੰ ਹਰੀ ਝੰਡੀ ਦਿਖਾਈ ਤੇ ਇਸਨੂੰ ਜਨਤਕ ਆਵਾਜਾਈ ਦੀ ਮਜ਼ਬੂਤੀ, ਰੋਜ਼ਗਾਰ ਉਤਪਤੀ ਤੇ ਪੰਜਾਬ ਭਰ 'ਚ ਵਿਕਾਸ ਦੀ ਗਤੀ ਨੂੰ ਤੇਜ ਕਰਨ ਵੱਲ ਇਕ ਵੱਡਾ ਕਦਮ ਦੱਸਿਆ | ਇਹ ਸਿਰਫ ਆਵਾਜਾਈ ਸਹੂਲਤਾਂ ਵਿਚ ਸੁਧਾਰ ਨਹੀਂ, ਸਗੋਂ ਲੋਕਾਂ ਨੂੰ ਬਿਹਤਰ, ਸੁਰੱਖਿਅਤ ਤੇ ਵਧੇਰੇ ਆਰਾਮਦਾਇਕ ਯਾਤਰਾ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਇਸ ਨਾਲ ਜਨਤਕ ਆਵਾਜਾਈ ਮਜ਼ਬੂਤ ਹੋਵੇਗੀ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ | ਆਉਣ ਵਾਲੇ ਦਿਨਾਂ ਵਿਚ 300 ਤੋਂ ਵੱਧ ਹੋਰ ਬੱਸਾਂ ਪੀ.ਆਰ.ਟੀ.ਸੀ. ਫਲੀਟ ਵਿਚ ਸ਼ਾਮਿਲ ਕਰਨ ਦੀ ਗਲ ਵੀ ਉਨ੍ਹਾਂ ਕਹੀ | ਮਈ 2026 ਦੇ ਅੰਤ ਤੱਕ ਪੀ.ਆਰ.ਟੀ.ਸੀ. ਦੇ ਬੇੜੇ ਵਿਚ 254 ਸਧਾਰਨ ਅਤੇ 100 ਮਿੰਨੀ ਬੱਸਾਂ ਸ਼ਾਮਿਲ ਕੀਤੀਆਂ ਜਾਣਗੀਆਂ | ਉਨ੍ਹਾਂ ਇਹ ਵੀ ਕਿਹਾ ਕਿ 309 ਹੋਰ ਬੱਸਾਂ ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਨਾਲ ਸੂਬੇ ਦੇ ਟਰਾਂਸਪੋਰਟ ਨੈੱਟਵਰਕ ਨੂੰ ਵੱਡੀ ਮਜ਼ਬੂਤੀ ਮਿਲੇਗੀ | ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, ਇਸ ਨਾਲ 681 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਰਾਹ ਵੀ ਪੱਧਰਾ ਹੋਵੇਗਾ | 2024 ਦੌਰਾਨ ਪੀ. ਆਰ. ਟੀ. ਸੀ. ਦੇ ਬੇੜੇ ਵਿਚ ਲਗਭਗ 110 ਬੱਸਾਂ ਸ਼ਾਮਿਲ ਕੀਤੀਆਂ ਗਈਆਂ, ਜਿਸ ਨਾਲ 165 ਵਿਅਕਤੀਆਂ ਨੂੰ ਰੁਜ਼ਗਾਰ ਮਿਲਿਆ ਸੀ | ਪੀ.ਆਰ.ਟੀ.ਸੀ. ਨੇ ਕੁੱਲ ਮਾਲੀਏ ਵਿਚ 53 ਫ਼ੀਸਦੀ ਵਾਧਾ ਦਰਜ ਕੀਤਾ ਹੈ, ਜੋ ਮੌਜੂਦਾ ਵਿੱਤੀ ਸਾਲ 2025-26 ਵਿਚ, ਪੀ.ਆਰ.ਟੀ.ਸੀ. ਦੇ ਕੁੱਲ ਮਾਲੀਏ ਵਿਚ 950 ਕਰੋੜ ਰੁਪਏ ਨੂੰ ਪਾਰ ਕਰਨ ਦੀ ਆਸ ਹੈ, ਜੋ ਲਗਭਗ 57 ਫ਼ੀਸਦੀ ਵਾਧੇ ਨੂੰ ਦਰਸਾਉਂਦਾ ਹੈ | 2022 ਤੋਂ ਪੀ.ਆਰ.ਟੀ.ਸੀ. ਨੇ 1574 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੀਆਂ 34.63 ਕਰੋੜ ਮਹਿਲਾ ਯਾਤਰੀਆਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਹੈ | ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ, ਪੀ.ਆਰ.ਟੀ.ਸੀ. ਨੇ 2.21 ਕਰੋੜ ਦੀ ਮੁਫ਼ਤ ਐੱਚ.ਵੀ.ਏ.ਸੀ. ਬੱਸ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ | ਜਿਸ ਨਾਲ 9,529 ਯਾਤਰੀਆਂ ਨੂੰ ਪੰਜਾਬ ਵਿਚਲੇ ਅਤੇ ਬਾਹਰਲੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਮੌਕਾ ਮਿਲਿਆ | ਇਸ ਮੌਕੇ ਪੀ.ਆਰ.ਟੀ.ਸੀ. ਹਰਪਾਲ ਜੁਨੇਜਾ ਨੇ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਵਲੋਂ ਸੈਂਕੜੇ ਬੱਸਾਂ ਨਵੀਆਂ ਪਾਈਆਂ ਗਈਆਂ ਤੇ ਭਵਿੱਖ 'ਚ ਹੋਰ ਵੀ ਬੱਸਾਂ ਪੀ.ਆਰ.ਟੀ.ਸੀ. ਬੇੜੇ ਵਿਚ ਸ਼ਾਮਿਲ ਕਰਨ ਦਾ ਵਾਅਦਾ ਕੀਤਾ ਹੈ ਉਸਦੇ ਧੰਨਵਾਦੀ ਹਨ | ਇਸ ਦੌਰਾਨ ਪੰਜਾਬ ਦੇ ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪੇਂਡੂ ਵਿਕਾਸ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਪੀ. ਆਰ. ਟੀ. ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ, ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਸਕੱਤਰ ਟਰਾਂਸਪੋਰਟ ਵਰੁਣ ਰੂਜਮ, ਪੀ. ਆਰ. ਟੀ. ਸੀ. ਦੇ ਡਾਇਰੈਕਟਰਜ਼ ਚਰਨਜੀਤ ਸਿੰਘ ਧਾਲੀਵਾਲ, ਰਜਿੰਦਰ ਰਿਹਾਲ, ਬਲਜਿੰਦਰ ਸਿੰਘ ਢਿੱਲੋਂ ਤੇ ਗੁਰਪ੍ਰੀਤ ਸਿੰਘ ਵਿਰਕ, ਡੀ.ਆਈ.ਜੀ. ਕੁਲਦੀਪ ਚਹਿਲ, ਐਮ.ਡੀ. ਬਿਕਰਮਜੀਤ ਸਿੰਘ ਸ਼ੇਰਗਿੱਲ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐਸ. ਐਸ. ਪੀ. ਵਰੁਣ ਸ਼ਰਮਾ ਅਤੇ ਏ.ਐਮ.ਡੀ. ਨਵਦੀਪ ਕੁਮਾਰ ਸਮੇਤ ਜਨਰਲ ਮੈਨੇਜਰਾਂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ |
ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਆਰ.ਟੀ.ਸੀ. ਦੇ ਬੇੜੇ 'ਚ ਸ਼ਾਮਿਲ 250 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ <br/>
ਅਜੀਤ ਡੈਸਕ
07-04-2026