ਚੰਡੀਗੜ੍ਹ, 6 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਵਿਚ ਸੋਮਵਾਰ ਨੂੰ ਸੁਰੱਖਿਆ ਨੂੰ ਲੈ ਕੇ ਉਸ ਸਮੇਂ ਇਕ ਵਾਰ ਫ਼ਿਰ ਚਿੰਤਾ ਦਾ ਮਾਹੌਲ ਬਣ ਗਿਆ ਹੈ, ਜਦੋਂ ਅਣਪਛਾਤੇ ਵਿਅਕਤੀਆਂ ਵਲੋਂ ਈ ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ | ਇਸ ਧਮਕੀ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਬੰਬ ਨਾਲ ਉਡਾਉਣ ਦਾ ਜ਼ਿਕਰ ਕੀਤਾ ਗਿਆ | ਇਸ ਤੋਂ ਇਲਾਵਾ ਚੰਡੀਗੜ੍ਹ ਦੇ ਮੇਅਰ ਦਫ਼ਤਰ ਅਤੇ ਸੈਕਟਰ-1 ਸਥਿਤ ਸਿਵਲ ਸਕੱਤਰੇਤ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ | ਧਮਕੀ ਵਾਲਾ ਈ ਮੇਲ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ 'ਚ ਆ ਗਈਆਂ ਤੇ ਸਾਰੇ ਸੰਵੇਦਨਸ਼ੀਲ ਇਲਾਕਿਆਂ 'ਚ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ ਅਤੇ ਸ਼ੱਕੀ ਚੀਜ਼ਾਂ ਦੀ ਜਾਂਚ ਲਈ ਖ਼ਾਸ ਮੁਹਿੰਮ ਚਲਾਈ ਗਈ | ਬੰਬ ਸਕੂਐਡ ਅਤੇ ਡੌਗ ਸਕੂਐਡ ਦੀਆਂ ਟੀਮਾਂ ਵੀ ਤਾਇਨਾਤ ਕਰ ਜਾਂਚ ਕੀਤੀ ਗਈ, ਜਦਕਿ ਸਾਇਬਰ ਸੈੱਲ ਵਲੋਂ ਈ.ਮੇਲ ਭੇਜਣ ਵਾਲਿਆਂ ਦੀ ਪਹਿਚਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਚੰਡੀਗੜ੍ਹ 'ਚ ਸਕੂਲਾਂ ਅਤੇ ਸਰਕਾਰੀ ਇਮਾਰਤਾਂ ਨੂੰ ਬੰਬ ਨਾਲ ਉਡਾਉਣ ਦੀਆਂ ਈ.ਮੇਲ ਰਾਹੀਂ ਆਈ ਧਮਕੀ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਹਰਕਤ 'ਚ ਆ ਗਈ ਤੇ ਸੈਕਟਰ-41, 32 45 ਅਤੇ ਸੈਕਟਰ 47 ਦੇ ਸਕੂਲਾਂ, ਚੰਡੀਗੜ੍ਹ ਨਗਰ ਨਿਗਮ ਇਮਾਰਤ ਦੀ ਪੁਲਿਸ ਵਲੋਂ ਬੰਬ ਸਕੂਐਡ ਅਤੇ ਡੌਗ ਸਕੂਐਡ ਦੀ ਮਦਦ ਨਾਲ ਤਲਾਸ਼ੀ ਲਈ ਗਈ | ਸਾਵਧਾਨੀ ਵਜੋਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਸੀ | ਈਮੇਲ ਭੇਜਣ ਵਾਲੇ ਨੇ ਖ਼ਾਲਿਸਤਾਨ ਨੈਸ਼ਨਲ ਆਰਮੀ ਦਾ ਪਤਾ ਲਿਖਿਆ ਹੈ |
ਪੰਜਾਬ ਤੇ ਹਰਿਆਣਾ ਦੇ ਸਕੂਲ, ਅਦਾਲਤਾਂ ਤੇ ਸਕੱਤਰੇਤ ਨਿਸ਼ਾਨੇ 'ਤੇ <br/>
ਅਜੀਤ ਡੈਸਕ
07-04-2026