ਪਟਿਆਲਾ, 6 ਅਪ੍ਰੈਲ (ਮਨਦੀਪ ਸਿੰਘ ਖਰੌੜ)-10 ਦਿਨਾ ਪੁਲਿਸ ਰਿਮਾਂਡ ਤੋਂ ਬਾਅਦ ਸਥਾਨਕ ਅਦਾਲਤ ਨੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿਚ ਭੇਜ ਦਿੱਤਾ ਗਿਆ ਹੈ | ਜਬਰ ਜਨਾਹ ਦੇ ਕੇਸ ਵਿਚ 7 ਮਹੀਨਿਆਂ ਤੋਂ ਫਰਾਰ ਚੱਲ ਰਹੇ ਪਠਾਣਮਾਜਰਾ ਨੂੰ ਪਟਿਆਲਾ ਪੁਲਿਸ ਗਵਾਲੀਅਰ ਤੋਂ 25 ਮਾਰਚ ਨੂੰ ਗਿ੍ਫ਼ਤਾਰ ਕਰਕੇ ਲਿਆਈ ਸੀ | ਪਠਾਣਮਾਜਰਾ ਨੂੰ ਅਦਾਲਤ ਵਿਚ ਪੇਸ਼ ਕਰਨ 'ਤੇ ਪਹਿਲਾਂ ਪੁਲਿਸ ਨੂੰ 4 ਦਿਨ ਦਾ ਰਿਮਾਂਡ ਮਿਲਿਆ ਸੀ ਦੂਜੀ ਵਾਰ 7 ਦਿਨਾ ਤੇ ਫਿਰ 1 ਦਿਨ ਦੀ ਰਿਮਾਂਡ ਮਿਲਿਆ ਸੀ | ਅੱਜ ਚੌਥੀ ਵਾਰ ਅਦਾਲਤ ਵਿਚ ਪੇਸ਼ ਕਰਨ 'ਤੇ ਮਾਣਯੋਗ ਅਦਾਲਤ ਨੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ | ਪੁੱਛ ਪੜਤਾਲ ਦੌਰਾਨ ਵਿਧਾਇਕ ਤੋਂ ਕਿਹੜੀ ਜਾਣਕਾਰੀ ਮਿਲੀ ਹੈ ਭਾਵੇਂ ਕਿਸੇ ਵੀ ਪੁਲਿਸ ਅਧਿਕਾਰੀ ਨੇ ਚੁੱਪੀ ਨਹੀਂ ਤੋੜੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਵਿਧਾਇਕ ਤੋਂ ਪੁਲਿਸ ਨੂੰ ਕਈ ਅਹਿਮ ਸੁਰਾਗ ਮਿਲੇ ਹਨ ਤੇ ਉਸ ਦਾ ਮੋਬਾਇਲ ਵੀ ਫੋਰੈਂਸਿਕ ਜਾਂਚ ਲਈ ਭੇਜੇ ਜਾਣ ਲਈ ਦੱਸਿਆ ਜਾ ਰਿਹਾ ਹੈ | ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਵਿਚ ਛਾਪੇਮਾਰੀਆਂ ਵੀ ਕੀਤੀਆਂ ਹਨ | ਦੂਜੇ ਪਾਸੇ ਵਿਧਾਇਕ ਦੇ ਵਕੀਲਾਂ ਦਾ ਕਹਿਣਾ ਹੈ ਕਿ ਵਿਧਾਇਕ ਖਿਲਾਫ ਕੇਸ ਰਾਜਨੀਤਿਕ ਕਿੜ ਕੱਢਣ ਲਈ ਕੀਤਾ ਗਿਆ ਹੈ | ਉਨ੍ਹਾਂ ਨੂੰ ਮਾਣਯੋਗ ਅਦਾਲਤ 'ਤੇ ਪੂਰਾ ਭਰੋਸਾ ਹੈ ਕਿ ਵਿਧਾਇਕ ਪਠਾਣਮਾਜਰਾ ਨੂੰ ਇਨਸਾਫ ਮਿਲੇਗਾ |
ਵਿਧਾਇਕ ਪਠਾਣਮਾਜਰਾ ਨੂੰ ਭੇਜਿਆ ਜੇਲ੍ਹ
ਅਜੀਤ ਡੈਸਕ
07-04-2026