ਡੱਬਵਾਲੀ, 6 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਪਿੰਡ ਅਹਿਮਦਪੁਰ ਦਾਰੇਵਾਲਾ ਵਿਖੇ ਜ਼ਮੀਨ ਵਿਵਾਦ ਤਹਿਤ ਇਕ ਪੁੱਤਰ ਨੇ ਆਪਣੇ ਪਿਤਾ 'ਤੇ ਜੀਪ ਚੜ੍ਹਾ ਕੇ ਉਸਦੀ ਹੱਤਿਆ ਕਰ ਦਿੱਤੀ | ਮਿ੍ਤਕ ਦੇ ਦੋਹਤੇ ਦੇ ਬਿਆਨ 'ਤੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ | ਘਟਨਾ ਰਾਤ ਕਰੀਬ 9:30 ਵਜੇ ਵਾਪਰੀ | ਪੁਲਿਸ ਮੁਤਾਬਿਕ 65 ਸਾਲਾ ਜਸਵੰਤ ਸਿੰਘ ਆਪਣੇ ਪੁੱਤਰ ਗੁਰਵਿੰਦਰ ਸਿੰਘ ਤੇ ਦੋਹਤੇ ਗੁਰਦਾਸ ਸਿੰਘ ਨਾਲ ਖੇਤ ਵੱਲ ਜਾ ਰਹੇ ਸਨ | ਪਿੰਡ ਦੀ ਗਊਸ਼ਾਲਾ ਨੇੜੇ ਮੁਲਜ਼ਮ ਰਾਮ ਸਿੰਘ ਜੀਪ ਲੈ ਕੇ ਆਇਆ ਅਤੇ ਪਿਤਾ ਜਸਵੰਤ ਸਿੰਘ 'ਤੇ ਗੱਡੀ ਚੜ੍ਹਾ ਦਿੱਤੀ | ਘਟਨਾ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਫ਼ਰਾਰ ਹੋ ਗਿਆ | ਘਟਨਾ ਵਿਚ ਜਸਵੰਤ ਸਿੰਘ ਦੇ ਸਿਰ, ਦੋਵੇਂ ਪੈਰ ਅਤੇ ਸਰੀਰ 'ਤੇ ਕਈ ਜਗ੍ਹਾ ਸੱਟਾਂ ਵੱਜੀਆਂ | ਉਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਡੱਬਵਾਲੀ ਲਿਆਂਦਾ ਗਿਆ, ਜਿੱਥੋਂ ਏਮਜ਼ ਬਠਿੰਡਾ ਲਿਜਾਂਦੇ ਰਾਹ ਵਿਚ ਉਨ੍ਹਾਂ ਦੀ ਮੌਤ ਹੋ ਗਈ | ਥਾਣਾ ਸਦਰ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਪੁਲਿਸ ਅਮਲੇ ਸਮੇਤ ਮੌਕੇ ਦਾ ਜਾਇਜ਼ਾ ਲਿਆ | ਪਿੰਡ ਵਾਸੀਆਂ ਮੁਤਾਬਿਕ ਮੁਲਜ਼ਮ ਰਾਮ ਸਿੰਘ ਦਾ ਆਪਣੀ ਸ਼ਾਦੀਸ਼ੁਦਾ ਭੈਣ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ | ਭੈਣ ਦੇ ਪਤੀ ਦੀ ਮੌਤ ਉਪਰੰਤ ਜ਼ਮੀਨ ਦੀ ਸਾਂਭ-ਸੰਭਾਲ ਰਾਮ ਸਿੰਘ ਕੋਲ ਸੀ | ਦੋਸ਼ ਹੈ ਕਿ ਰਾਮ ਸਿੰਘ ਨੇ ਜ਼ਮੀਨ ਦਾ ਕੁਝ ਹਿੱਸਾ ਵੇਚ ਦਿੱਤਾ ਪਰ ਪੂਰੀ ਰਕਮ ਭੈਣ ਨੂੰ ਨਹੀਂ ਦਿੱਤੀ | ਜਸਵੰਤ ਸਿੰਘ ਆਪਣੀ ਧੀ ਦਾ ਹੱਕ ਦਿਵਾਉਣ ਦੇ ਪੱਖ ਵਿਚ ਸਨ ਤੇ ਇਸੇ ਗੱਲ 'ਤੇ ਉਹ ਰਾਮ ਸਿੰਘ ਨੂੰ ਰੋਕਦੇ ਸਨ, ਜਿਸ ਕਾਰਨ ਪਿਉ-ਪੁੱਤ ਵਿਚ ਮਾਮਲਾ ਹੱਤਿਆ ਤੱਕ ਪੁੱਜ ਗਿਆ |